ਹੁੱਲੜਬਾਜ ਲੋਕ ਕਿੰਨ੍ਹਾਂ ਕੁ ਚਿਰ ਜਨਤਾ ਦੀ ਜਾਇਦਾਦ ਦੀ ਭੰਨਤੋੜ ਕਰਦੇ ਰਹਿਣਗੇ
ਭਾਰਤ ਦੇਸ਼ ਧਰਮ ਨਿਰਪੱਖ ਦੇਸ਼ ਹੈ ਅਤੇ ਸਮੂਹ ਧਰਮਾਂ ਦਾ ਬੋਲਬਾਲਾ ਹੈ। ਪਰ ਦੇਸ਼ ਦੀ ਤਰੱਕੀ ਦੇ ਵਿਚ ਆਮ ਨਾਗਰਿਕ ਦਾ ਯੋਗਦਾਨ ਬਹੁਤ ਮਹੱਤਵ ਪੂਰਨ ਰੋਲ ਅਦਾ ਕਰਦਾ ਹੈ ਅਤੇ ਇਹ ਹੀ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾ ਸਕਦਾ ਹੈ ਅਤੇ ਇਹ ਹੀ ਵਿਕਾਸ ਵੱਲ ਵਧ ਰਹੀ ਰੇਲ ਰੂਪੀ ਪਟੜੀ ਤੋਂ ਉਤਾਰ ਸਕਦਾ ਹੈ। ਜਿਹੜੇ ਪੱਖ ਤੇ ਚਲਾ ਗਿਆ ਉੱਧਰ ਹਾਲਾਤ ਬਦਲ ਜਾਂਦੇ ਹਨ ਅਤੇ ਚੰਗਾ ਮਾੜਾ ਹੋ ਬੈਠਦਾ ਹੈ। ਫ਼ਿਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼ ਦੇ ਵਿਚ ਕਿਤੇ ਨਾਂ ਕਿਤੇ ਕੁੱਝ ਨਾਂ ਕੁੱਝ ਵਾਪਰਦਾ ਰਹਿੰਦਾ ਹੈ ਅਤੇ ਜਿਸਦਾ ਸਿੱਧਾ ਅਸਰ ਆਮ ਲੋਕਾਂ ਦੇ ਜਨਜੀਵਨ ਤੇ ਪੈਂਦਾ ਹੈ ਅਤੇ ਜਦੋਂ ਹਾਲਾਤ ਬੇਕਾਬੂ ਹੋ ਜਾਂਦੇ ਹਨ ਤਾਂ ਹਰ ਪਾਸੇ ਲੋਕਾਂ ਦਾ ਘਾਣ ਹੁੰਦਾ ਹੀ ਸਾਫ਼ ਝਲਕਦਾ ਨਜ਼ਰ ਆਉਂਦਾ ਹੈ। ਭਾਰਤ ਦੇ ਵੱਖ ਵੱਖ ਰਾਜਾਂ ਦੇ ਵਿਚ ਸਮੇਂ ਸਮੇਂ ਅਜਿਹਾ ਸਭ ਕੁੱਝ ਵਾਪਰਿਆ ਅਤੇ ਦੇਸ਼ ਦੀ ਜਨਤਾ ਨੇ ਸਭ ਅੱਖੀਂ ਦੇਖਿਆ ਅਤੇ ਅਨੇਕਾਂ ਹੀ ਲੋਕ ਇਸ ਮਾਰਧਾੜ ਵਿਚ ਦਫ਼ਨ ਹੋ ਗਏ ਅਤੇ ਉਨ੍ਹਾਂ ਦੇ ਘਰ ਪਰਿਵਾਰ ਵਾਲੇ ਅਜੇ ਵੀ ਵਿਲਕਦੇ ਹਨ ਅਤੇ ਅਜਿਹੇ ਕਾਰਨਾਮੇ ਦੇਸ਼ ਦੀ ਬਰਬਾਦੀ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਦੇ ਸਕਦੇ।
ਸਿਆਸੀ ਲੀਡਰ ਆਪਣੀ ਬਿਆਨ ਬਾਜੀ ਤੋਂ ਚੁੱਕੇ ਨਹੀਂ ਅਤੇ ਹਰ ਇਕ ਨੇ ਫ਼ਾਇਦਾ ਉਠਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਕਈ ਲੀਡਰਾਂ ਨੇ ਇਕ ਦੂਸਰੇ ਤੇ ਦੋਸ਼ ਵੀ ਲਗਾਏ ਹਨ। ਭਾਰਤ ਦੀ ਪਵਿੱਤਰ ਤੇ ਧਰਤੀ ਤੇ ਹੋਏ ਹਮਲੇ ਨਾਲ ਦੇਸ਼ ਦੀ ਧਰਤੀ ਤੇ ਕਾਲੇ ਪ੍ਰਛਾਵੇਂ ਪੈ ਗਏ ਅਤੇ ਇਸਦੀ ਤਾਰ ਤਾਰ ਛਿਲਣੀ ਛੱਲਣੀ ਹੋ ਗਈ। ਇਸ ਖਾਸ ਫ਼ਿਰਕੇ ਨਾਲ ਜੁੜੇ ਲੋਕਾਂ ਵਿਚ ਭਾਰੀ ਰੋਸ ਜਾਗ ਪਿਆ ਅਤੇ ਲੋਕ ਸੜਕਾਂ ਤੇ ਆ ਗਏ ਅਤੇ ਦੇਸ਼ ਦੇ ਸੂਬਿਆਂ ਵਿਚ ਉਨ੍ਹਾਂ ਨੇ ਖੁੱਲ ਕੇ ਪ੍ਰਦਰਸ਼ਨ ਕੀਤਾ ਅਤੇ ਜਿਸ ਕਰਕੇ ਦੇਸ਼ ਦੇ ਹਾਲਾਤ ਬਦਲ ਗਏ। ਲੋਕਾਂ ਨੇ ਇਹ ਸਭ ਕੁੱਝ ਆਪਣੀ ਅੱਖੀਂ ਦੇਖਿਆ ਹੈ। ਇਕੱਠੇ ਹੋਏ ਲੋਕ ਆਪੇ ਤੋਂ ਬਾਹਰ ਹੋ ਗਏ ਅਤੇ ਕਿਸੇ ਦੇ ਹੱਥ ਵਿਚ ਸੋਟਾ, ਸਰੀਆ, ਟੰਬਾ, ਕਿਰਪਾਨਾਂ ਜੋ ਮਿਲਿਆ ਹਥਿਆਰ ਬਣਾ ਲਿਆ ਸਨ ਅਤੇ ਉਹ ਸੜਕਾਂ ਤੇ ਆ ਕੇ ਰੋਹ ਮੁਜਾਹਰੇ ਕਰਦੇ ਹੋਏ ਹੁਲੜਬਾਜੀ ਕਰਨ ਲੱਗ ਪਏ। ਲੋਕਾਂ ਦੇ ਭਾਰੀ ਇਕੱਠ ਨੇ ਦੁਕਾਨਾਂ, ਸ਼ੋਅਰੂਮ, ਪੈਟਰੋਲ ਪੰਪ, ਸਕੂਟਰ, ਮੋਟਰਸਾਈਕਲ, ਕਾਰਾਂ, ਟਰੱਕਾਂ, ਬੱਸਾਂ, ਰੇਲ ਗੱਡੀਆਂ ਨੂੰ ਅੱਗ ਲਗਾਕੇ ਇਸ ਦੇਸ਼ ਦੀ ਸਰਕਾਰੀ ਅਤੇ ਗੈਰ ਸਰਕਾਰੀ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਭਾਰੀ ਠੇਸ ਪੁੱਜੀ ਹੈ। ਆਮ ਜਨਤਾ ਵੀ ਬਹੁਤ ਥਾਵਾਂ ਤੇ ਕੁੱਟਮਾਰ ਦਾ ਸ਼ਿਕਾਰ ਹੋਈ ਸੀ ਅਤੇ ਜਨਤਾ ਨੇ ਆਪਣੇ ਪਿੰਡੇ ਤੇ ਇਹ ਸੇਕ ਝੱਲਿਆ ਹੈ। ਸਾੜਫੂਕ ਕਰਨ ਵਾਲਿਆਂ ਵਿਚ ਜਿਆਦਾਤਰ ਨੌਜਵਾਨ ਲੜਕੇ ਸਨ ਅਤੇ ਬਹੁਤ ਸਾਰਿਆਂ ਨੇ ਤਾਂ ਪੱਤਰਕਾਰਾਂ ਦੇ ਅੱਗੇ ਆਕੜ ਕੇ ਆਪਣੇ ਐਕਸ਼ਨ ਕਰਕੇ ਖੜ ਕੇ ਤਸਵੀਰਾਂ ਖਿਚਵਾਈਆਂ ਅਤੇ ਬਾਹਾਂ ਉੱਪਰ ਕਰਕੇ ਲਲਕਾਰੇ ਮਾਰਦੇ ਰਹੇ ਅਤੇ ਇਸ ਹਜੂਮ ਦੇ ਅੱਗੇ ਹਰ ਕੋਈ ਡਰ ਰਿਹਾ ਸੀ। ਆਮ ਲੋਕਾਂ ਦੇ ਵਹੀਕਲ ਜਿਹੜੇ ਸੜਕ ਦੇ ਪਾਸੇ ਖੜ੍ਹੇ ਸਨ ਉਹ ਵੀ ਬਖਸ਼ੇ ਨਹੀਂ ਗਏ ਅਤੇ ਹਜੂਮ ਨੇ ਅੱਗ ਲਗਾ ਕੇ ਰੇਲ ਗੱਡੀ ਦੇ ਡੱਬਿਆਂ ਦਾ ਮਲੀਆਮੇਟ ਕਰ ਦਿੱਤਾ ਅਤੇ ਥੋੜੇ ਸਮੇਂ ਵਿਚ ਅੱਗ ਦੇ ਭਾਂਬੜ ਦਿਸਣੇ ਸ਼ੁਰੂ ਹੋ ਗਏ ਅਤੇ ਥੋੜੇ ਸਮੇਂ ਵਿਚ ਹੀ ਸਭ ਤਹਿਸ ਨਹਿਸ ਹੋ ਕੇ ਰਹਿ ਗਿਆ। ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਵੀ ਹੁਲੜਬਾਜਾਂ ਨੇ ਆਵਾਜਾਈ ਵਿਚ ਭਾਰੀ ਵਿਗਨ ਪਾਇਆ ਅਤੇ ਕਿਸੇ ਪਾਸੇ ਵੀ ਗੱਡੀਆਂ ਅਤੇ ਰੇਲ ਗੱਡੀਆਂ ਨੂੰ ਜਾਣ ਨਹੀਂ ਦਿੱਤਾ ਅਤੇ ਵੱਖ ਵੱਖ ਫ਼ਸੇ ਮੁਸਾਫ਼ਰ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਭਟਕਦੇ ਰਹੇ ਅਤੇ ਬੁੱਢੇ ਤੇਜ਼ ਗਰਮੀ ਵਿਚ ਰੁਲਦੇ ਰਹੇ ਜਦੋਂ ਕਿ ਬੱਚੇ ਵਿਲਕਦੇ ਰਹੇ ਅਤੇ ਘਰੋਂ ਬੇਘਰ ਹੋ ਕੇ ਰਹਿ ਗਏ। ਬਹੁਤ ਸਾਰੇ ਲੋਕਾਂ ਨੂੰ ਆਰਥਿਕ ਤੌਰ ਤੇ ਭਾਰੀ ਘਾਟਾ ਪਿਆ ਹੈ ਅਤੇ ਇਸਨੂੰ ਪੂਰਾ ਕਰਨਾ ਬਹੁਤ ਹੀ ਔਖਾ ਕੰਮ ਹੈ ਅਤੇ ਇਸ ਦੀ ਭਰਪਾਈ ਲਈ ਯਤਨ ਕਰਨੇ ਚਾਹੀਦੇ ਹਨ।
ਬੇਸ਼ੱਕ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਨੇ ਦੇਸ਼ ਵਿਚ ਫੈਲੀ ਹਿੰਸਾ ਦੀਆਂ ਘਟਨਾਵਾਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ। ਕਿਸੇ ਵੀ ਤਰਾਂ ਦੀ ਹਿੰਸਾ ਨਾਲ ਨਿਜਿੱਠਣ ਲਈ ਨੀਮ ਫੌਜ ਦਸਤੇ ਭੇਜੇ ਸਨ। ਆਪਸੀ ਭਾਈਚਾਰਾ ਅਤੇ ਸ਼ਾਂਤੀ ਸਦਭਾਵਨਾ ਬਣਾਈ ਰੱਖੀ ਜਾਵੇ। ਜਿਹੜੇ ਲੋਕਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ ਉਨ੍ਹਾਂ ਦੇ ਚੇਹਰਿਆਂ ਨੂੰ ਅਜੇ ਤੱਕ ਸਾਰੇ ਭਲੀ ਭਾਂਤ ਜਾਣੂ ਹਨ ਅਤੇ ਉਨ੍ਹਾਂ ਤੇ ਐਕਸ਼ਨ ਲਿਆ ਜਾਣਾ ਚਾਹੀਦਾ ਅਤੇ ਅਜਿਹੇ ਚੇਹਰੇ ਬੇਨਕਾਬ ਕੀਤੇ ਜਾਣੇ ਚਾਹੀਦੇ ਹਨ ਜਿੰਨ੍ਹਾਂ ਨੇ ਸ਼ਰੇਆਮ ਗੁੰਡਾਗਰਦੀ ਦਾ ਗੰਦਾ ਨਾਚ ਖੇਡਿਆ ਅਤੇ ਭਾਰੀ ਭੰਨਤੋੜ ਕੀਤੀ। ਪਰ ਅਜੇ ਤੱਕ ਸਰਕਾਰ ਵੱਲੋਂ ਅਜਿਹੇ ਲੋਕਾਂ ਤੇ ਕਿਸੇ ਕਿਸਮ ਦਾ ਐਕਸ਼ਨ ਨਹੀਂ ਲਿਆ ਗਿਆ। ਪਰ ਜਿੰਨ੍ਹਾਂ ਦੀਆਂ ਦੁਕਾਨਾਂ ਨੂੰ ਸਾੜਿਆ ਗਿਆ ਹੈ ਜਿੰਨ੍ਹਾਂ ਦੀ ਜਾਇਦਾਦ ਦਾ ਕਬਾੜਾ ਕਰ ਦਿੱਤਾ ਹੈ ਅਤੇ ਜਿਸਦਾ ਸਭ ਕੁੱਝ ਸੜ ਕੇ ਸਵਾਹ ਹੋ ਗਿਆ ਹੈ ਅਤੇ ਜਿੰਨ੍ਹਾਂ ਨੇ ਤਬਾਹੀ ਦਾ ਮੰਜ਼ਰ ਆਪਣੇ ਪਿੰਡੇ ਤੇ ਹੰਡਾਇਆ ਹੈ ਅਤੇ ਉਸਦੀ ਹਾਲਤ ਬਾਰੇ ਦਿਲੋਂ ਕੋਈ ਨਹੀਂ ਜਾਣ ਸਕਿਆ ਕਿ ਉਨ੍ਹਾਂ ਦੇ ਮਨ ਤੇ ਕੀ ਬੀਤ ਰਹੀ ਹੈ। ਅਜਿਹੇ ਲੋਕ ਫੁੱਟ ਫੁੱਟ ਰੋ ਰਹੇ ਹਨ। ਕਈ ਲੋਕ ਜਿਹੜੇ ਗਰੀਬੀ ਤੋਂ ਉੱਠ ਕੇ ਉੱਪਰ ਆਏ ਹਨ ਉਹ ਮੌਜੂਦਾ ਹਾਲਾਤ ਦਾ ਸ਼ਿਕਾਰ ਹੋ ਗਏ ਹਨ।
ਕੇਂਦਰ ਅਤੇ ਰਾਜ ਸਰਕਾਰ ਵੱਲੋਂ ਬੇਸ਼ੱਕ ਆਪਣੇ ਪੱਧਰ ਤੇ ਆਰਥਿਕ ਮੱਦਦ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸਦੀ ਭਰਪਾਈ ਲਈ ਯਤਨ ਕਰਨਾ ਹੀ ਇਕ ਚੰਗੀ ਸੋਚ ਦੀ ਨਿਸ਼ਾਨੀ ਹੈ ਅਤੇ ਅਜਿਹਾ ਕਰਨਾ ਵੀ ਬਣਦਾ ਹੈ। ਜਿਹੜੇ ਲੋਕਾਂ ਨੇ ਹੁਲੜਬਾਜੀ ਕੀਤੀ ਹੈ ਅਤੇ ਲੋਕਾਂ ਦੀ ਜਾਨਮਾਲ ਦਾ ਨੁਕਸਾਨ ਕਰਕੇ ਸਾਹ ਲਿਆ ਹੈ ਉਨ੍ਹਾਂ ਤੇ ਸਖ਼ਤ ਕਾਰਵਾਈ ਕਰਨ ਅਤੇ ਕਾਨੂੰਨ ਧਾਰਾ ਲਗਾਕੇ ਸਖਤ ਕਾਰਵਾਈ ਕਰਨੀ ਬਣਦੀ ਹੈ ਜੇਕਰ ਹੁਣ ਵੀ ਸਖਤ ਕਾਰਵਾਈ ਨਾਂ ਕੀਤੀ ਗਈ ਤਾਂ ਅਜਿਹੇ ਪ੍ਰਤੀਕਰਮ ਹੁੰਦੇ ਰਹਿਣਗੇ ਅਤੇ ਆਮ ਲੋਕਾਂ ਦਾ ਕਬਾੜਾ ਹੁੰਦਾ ਰਹੇਗਾ ਅਤੇ ਲੋਕਾਂ ਦੀ ਜਾਇਦਾਦ ਦਾ ਭਾਰੀ ਨੁਕਸਾਨ ਹੁੰਦਾ ਰਹੇਗਾ। ਜੇਕਰ ਇਕ ਵਾਰ ਗਲਤ ਅਨਸਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ਵਿਚ ਕੋਈ ਜੁਰਅਤ ਨਹੀਂ ਕਰੇਗਾ ਅਤੇ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰੇਗਾ। ਜੇਕਰ ਅਸੀਂ ਅਜੇ ਵੀ ਨਾਂ ਸੁਧਰੇ ਤਾਂ ਲੋਕ ਹਮੇਸ਼ਾ ਹੀ ਅਜਿਹੇ ਕੰਮਾਂ ਲਈ ਅੱਗੇ ਆ ਕੇ ਹੁਲੜਬਾਜੀਆਂ ਕਰਨਗੇ।
ਜੇਕਰ ਧਾਰਮਿਕ ਲੋਕਾਂ ਦੀ ਸੋਚ ਆਮ ਲੋਕਾਂ ਨੂੰ ਕੁੱਟਣ, ਮਾਰਨ ਅਤੇ ਦੇਸ਼ ਦੀ ਜਾਇਦਾਦ ਨੂੰ ਹਾਨੀ ਪੁਹੰਚਾਉਣ ਦੀ ਹੈ ਤਾਂ ਅਜਿਹੇ ਲੋਕਾਂ ਨਾਲੋਂ ਤਾਂ ਨਾਸਤਿਕ ਲੋਕ ਬੇਹਤਰ ਹਨ ਜਿਹੜੇ ਮਾਰਧਾੜ ਤੋਂ ਨਿਰਪੱਖ ਹਨ ਅਤੇ ਚੰਗੀ ਸੋਚ ਦੇ ਧਾਰਨੀ ਹੋਣ ਕਰਕੇ ਵਧੀਆ ਜੀਵਨ ਬਤੀਤ ਕਰ ਰਹੇ ਹਨ। ਸਰਕਾਰ ਦੀ ਅਗਵਾਈ ਵਿਚ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਐਕਸ਼ਨ ਲੈਣੇ ਚਾਹੀਦੇ ਹਨ ਤਾਂ ਜੋ ਦੇਸ਼ ਦੇ ਵਿਚ ਉੱਠ ਰਹੀਆਂ ਦੇਸ਼ ਵਿਰੋਧੀ ਤਾਕਤਾਂ ਦਾ ਮੂੰਹ ਪਲਟ ਦੇਣਾ ਚਾਹੀਦਾ ਹੈ ਅਤੇ ਕਿਤੇ ਨਾਂ ਕਿਤੇ ਅਜਿਹੇ ਸਮਿਆਂ ਵਿਚ ਸਮੇਂ ਸਿਰ ਕਾਰਵਾਈ ਨਾ ਕਰਨ ਵਿਚ ਦੇਰੀ ਜਰੂਰ ਹੋਈ ਹੈ ਜਿਸ ਕਰਕੇ ਦੇਸ਼ ਦੇ ਲੋਕਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਿਆ ਹੈ ਅਤੇ ਇਸ ਸੰਸਾਰ ਭਰ ਦੇ ਲੋਕਾਂ ਨੇ ਇਹ ਸਾਰਾ ਕੁੱਝ ਆਪਣੀ ਅੱਖੀਂ ਦੇਖਿਆ ਹੈ ਅਤੇ ਇਸ ਵਿਚ ਹੋਈ ਗਲਤੀ ਤੋਂ ਮੁਨਕਰ ਨਹੀਂ ਹੋ ਸਕਦੇ। ਅਮਨ ਕਾਨੂੰਨ ਦੀ ਸਥਿਤੀ ਨੂੰ ਹਮੇਸ਼ਾ ਬਰਕਰਾਰ ਰੱਖਣਾ ਅਤੀ ਜਰੂਰੀ ਹੈ ਅਤੇ ਇਸ ਸਬੰਧੀ ਸਮੇਂ ਸਿਰ ਐਕਸ਼ਨ ਕਰਨ ਦੀ ਜਰੂਰਤ ਹੈ ਅਤੇ ਜਵਾਬਦੇਹ ਹੋਣ ਲਈ ਸਾਨੂੰ ਅੱਗੇ ਹੋਣਾ ਪਵੇਗਾ ਅਤੇ ਨਿੱਕੀ ਜਿਹੀ ਕਮੀਂ ਕਿੱਧਰੋਂ ਕਿੱਧਰ ਲੈ ਜਾਵੇਗੀ ਅਤੇ ਲੋਕ ਹਮੇਸ਼ਾ ਹੀ ਸਮੇਂ ਸਮੇਂ ਸਿਰ ਵਿਚਾਰਾਂ ਕਰਦੇ ਰਹਿਣਗੇ ਅਤੇ ਹਮੇਸ਼ਾ ਗਲਤੀ ਕਰਨ ਵਾਲੇ ਨੂੰ ਕੋਸਦੇ ਰਹਿਣਗੇ।