ਵਿਆਨਾ ਦੀ ਅੱਗ ਨੇ ਪੰਜਾਬ ... - ਦਰਸ਼ਨ ਸਿੰਘ ਦਰਸ਼ਕ

ਵਿਆਨਾ ਦੀ ਅੱਗ ਨੇ ਪੰਜਾਬ ਨੂੰ ਝੁਲਸਿਆ - ਦਰਸ਼ਨ ਸਿੰਘ ਦਰਸ਼ਕ
ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼
ਵਿਆਨਾ ਵਿਖੇ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ ਉੱਤੇ ਹੋਏ ਹਮਲੇ ਦੀ ਅੱਗ ਨਾਲ ਪੰਜਾਬ ਬਲ ਰਿਹਾ ਹੈ। ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਵਿੱਚ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਅਤੇ ਸੰਤ ਰਾਮਾਨੰਦ ਪ੍ਰਵਚਨ ਕਰ ਰਹੇ ਸਨ ਕਿ ਕੁਝ ਲੋਕਾਂ ਨੇ ਉਥੇ ਪਹੁੰਚ ਕੇ ਗੋਲੀਬਾਰੀ ਕੀਤੀ ਅਤੇ ਚਾਕੂ ਵੀ ਚਲਾਏ। ਇਸ ਘਟਨਾ ਵਿੱਚ 11 ਦੇ ਕਰੀਬ ਲੋਕੀਂ ਜ਼ਖ਼ਮੀ ਹੋ ਗਏ, ਜਿਹਨਾਂ ਵਿੱਚ ਹਮਲਾਵਰ ਵੀ ਸ਼ਾਮਲ ਹਨ। ਇਸ ਘਟਨਾ ਵਿੱਚ ਜ਼ਖਮੀ ਹੋਏ ਸੰਤ ਰਾਮਾਨੰਦ ਜੀ ਚਲਾਣਾ ਕਰ ਗਏ। ਘਟਨਾ ਦੀ ਪ੍ਰਤੀਕਿਰਿਆ ਪੰਜਾਬ ਵਿੱਚ ਹੋਈ। 24 ਮਈ ਦੀ ਰਾਤ ਸੰਤਾਂ ਦੇ ਪੈਰੋਕਾਰਾਂ ਨੇ ਜਲੰਧਰ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ ਅਤੇ ਗੱਡੀਆਂ ਨੂੰ ਅੱਗਾਂ ਲਗਾ ਦਿੱਤੀਆਂ, ਜਿਸ ਕਾਰਨ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਕਰਫਿਊ ਲਗਾਉਣਾ ਪਿਆ। ਦਿਨ ਚੜ੍ਹਦੇ ਨੂੰ ਕਈ ਹੋਰ ਸ਼ਹਿਰ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਏ। ਲੁਧਿਆਣਾ, ਹੁਸ਼ਿਆਰਪੁਰ, ਫਗਵਾੜਾ ਵਿੱਚ ਕਰਫਿਊ ਲਗਾ ਦਿੱਤਾ ਗਿਆ।

ਇਸ ਘਟਨਾਚੱਕਰ ਨੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਹਿਲਾ ਸਵਾਲ ਇਹ ਹੈ ਕਿ ਇਹ ਘਟਨਾ ਵਿਆਨਾ ਵਿੱਚ ਵਾਪਰੀ। ਉਥੋਂ ਦੀ ਪੁਲਿਸ ਨੇ ਮੌਕੇ 'ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਅਫ਼ਸੋਸਨਾਕ ਘਟਨਾ ਸੀ, ਇਸ ਦਾ ਸਾਰੇ ਪੰਜਾਬ ਨੂੰ ਦੁੱਖ ਹੈ ਪਰ ਉਹ ਕਿਹੜੇ ਹਾਲਾਤ ਸਨ ਕਿ ਸੰਤਾਂ ਦੇ ਪੈਰੋਕਾਰਾਂ ਨੇ ਜਨਤਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਕਦਮ ਉਠਾਇਆ। ਇਸ ਡੇਰੇ ਦੇ ਪੈਰੋਕਾਰਾਂ ਨੇ ਬੱਸਾਂ ਸਾੜੀਆਂ, ਟਰੇਨਾਂ ਸਾੜੀਆਂ, ਮੁਸਾਫ਼ਰਾਂ ਨੂੰ ਰਸਤੇ ਵਿੱਚ ਛੱਡ ਦਿੱਤਾ, ਗਰੀਬ ਜੋ ਰੇਹੜੀਆਂ ਲਗਾ ਕੇ ਦਿਹਾੜੀ ਲਾਉਣ ਆਏ ਸਨ, ਨੂੰ ਕਾਰੋਬਾਰ ਬੰਦ ਕਰਨ ਲਈ ਮਜਬੂਰ ਕਰ ਦਿੱਤਾ। ਸਵਾਲ ਇਹ ਹੈ ਕਿ ਜੋ ਲੋਕ ਹਿੰਸਕ ਘਟਨਾਵਾਂ 'ਤੇ ਉਤਾਰੂ ਸਨ, ਨੂੰ ਕਿੱਥੋਂ ਪ੍ਰੇਰਨਾ ਮਿਲ ਰਹੀ ਸੀ ਕਿ ਉਹਨਾਂ ਨੇ ਕੁਝ ਹੀ ਸਮੇਂ ਵਿੱਚ ਸੰਗਠਨਾਤਮਕ ਢੰਗ ਨਾਲ ਇਸ ਪ੍ਰਕਾਰ ਦੇ ਪ੍ਰਦਰਸ਼ਨ ਕੀਤੇ। ਇਹ ਮਸਲਾ ਵਿਆਨਾ ਨਾਲ ਜੁੜਿਆ ਹੋਇਆ ਹੈ ਅਤੇ ਲੋਕ ਗੁੱਸਾ ਆਪਣੇ ਲੋਕਾਂ 'ਤੇ ਹੀ ਕੱਢ ਰਹੇ ਹਨ। ਇਹ ਸਵਾਲ ਹੁਣ ਉੱਭਰ ਰਿਹਾ ਹੈ ਕਿ ਕਿਧਰੇ ਕਿਸੇ ਸਿਆਸੀ ਪਾਰਟੀ ਦੇ ਇਸ਼ਾਰੇ ਉੱਤੇ ਤਾਂ ਲੋਕ ਸੜਕਾਂ ਉੱਤੇ ਨਹੀਂ ਉਤਰੇ। ਯਾਦ ਰਹੇ ਕਿ ਜਦੋਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਚੱਲ ਰਿਹਾ ਸੀ ਤਾਂ ਉਸ ਮੌਕੇ ਕਾਂਗਰਸ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਚੋਣਾਂ ਜਿੱਤ ਗਈ ਤਾਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ 6 ਹਫ਼ਤਿਆਂ ਦੇ ਵਿੱਚ-ਵਿੱਚ ਚੱਲਦਾ ਕਰ ਦਿੱਤਾ ਜਾਵੇਗਾ। ਜਿਉਂ ਹੀ ਵਿਆਨਾ ਵਿਖੇ ਗੁਰੂ ਰਵੀਦਾਸ ਗੁਰਦੁਆਰੇ ਵਿੱਚ ਹਿੰਸਕ ਘਟਨਾ ਵਾਪਰੀ ਤਾਂ ਉਨ੍ਹਾਂ ਖੇਤਰਾਂ ਵਿੱਚ ਜ਼ਿਆਦਾ ਹਿੰਸਾ ਵਾਪਰੀ ਜਿਥੇ-ਜਿਥੇ ਕਾਂਗਰਸ ਦਾ ਜ਼ਿਆਦਾ ਆਧਾਰ ਹੈ। ਦੋਆਬਾ ਖੇਤਰ ਵਿੱਚ ਜਲੰਧਰ ਸਭ ਤੋਂ ਮੋਹਰੀ ਰਿਹਾ।

ਇਸ ਘਟਨਾਚੱਕਰ ਨੂੰ ਹੋਰ ਜ਼ਿਆਦਾ ਹਵਾ ਦੇਣ ਵਿੱਚ ਭਾਰਤ ਦੇ ਕੌਮੀ ਮੀਡੀਏ ਦਾ ਵੀ ਬਹੁਤ ਵੱਡਾ ਹੱਥ ਰਿਹਾ ਹੈ। ਅਖੌਤੀ ਰਾਸ਼ਟਰੀ ਮੀਡੀਆ ਅੱਜ ਦੁਪਹਿਰ ਤੱਕ ਇਸ ਘਟਨਾ ਨੂੰ ਸਿੱਖਾਂ ਨਾਲ ਜੋੜ ਕੇ ਆਪਣੀ ਹੀ ਵਿਆਖਿਆ ਦਿੰਦਾ ਰਿਹਾ। ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਇਹ ਮਸਲਾ ਰਵੀਦਾਸੀਆ ਭਾਈਚਾਰੇ ਨਾਲ ਜੁੜਿਆ ਹੋਇਆ ਹੈ। ਬੇਸ਼ੱਕ ਇਹਨਾਂ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਹੈ ਪਰ ਆਪਣੇ ਆਪ ਨੂੰ ਸਿੱਖ ਨਹੀਂ ਅਖਵਾਉਂਦੇ। ਇਸ ਸੰਪਰਦਾਇ ਦੇ ਗੁਰਦੁਆਰਿਆਂ ਦੀਆਂ ਮਰਿਆਦਾਵਾਂ ਵੀ ਸਿੱਖ ਮਰਿਆਦਾ ਨਾਲੋਂ ਅਲੱਗ ਹਨ। ਰਾਸ਼ਟਰੀ ਮੀਡੀਏ ਨੇ ਤਾਂ ਇੱਕ ਤਰ੍ਹਾਂ ਸਿੱਖਾਂ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਉਹ ਕੈਮਰਿਆਂ ਰਾਹੀਂ ਇਹ ਵੀ ਦੇਖ ਰਹੇ ਹਨ ਕਿ ਪ੍ਰਦਰਸ਼ਨਕਾਰੀਆਂ ਦੇ ਪੱਗਾਂ ਨਹੀਂ ਬੰਨ੍ਹੀਆਂ ਹੋਈਆਂ ਅਤੇ ਨਾ ਹੀ ਦਾੜ੍ਹੀਆਂ ਰੱਖੀਆਂ ਹੋਈਆਂ ਹਨ। ਪਰ ਮੀਡੀਆ ਉਹਨਾਂ ਨੂੰ ਸਿੱਖ ਕਹਿ-ਕਹਿ ਬੁਲਾਉਂਦਾ ਰਿਹਾ, ਜਿਸ ਕਾਰਨ ਸਿੱਖਾਂ ਦਾ ਵੀ ਅਕਸ ਖਰਾਬ ਹੋਇਆ ਹੈ। ਇਸ ਕਾਰਨ ਹੁਣ ਇੱਕ ਵਾਰ ਫਿਰ ਇਲੈਕਟ੍ਰਾਨਿਕ ਮੀਡੀਏ ਦੀ ਵਿਸ਼ਵਾਸ ਯੋਗਤਾ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਕਿਉਂਕਿ ਉਸ ਦੁਆਰਾ ਫਿਰ ਬਿਨਾਂ ਕਿਸੇ ਪੜਤਾਲ ਤੋਂ ਕਵਰੇਜ ਕੀਤੀ ਗਈ, ਇਸ ਲਈ ਨੈਸ਼ਨਲ ਮੀਡੀਏ ਦੇ ਰਵੱਈਏ ਨੂੰ ਗ਼ੈਰ-ਜ਼ਿੰਮੇਵਾਰਾਨਾ ਕਿਹਾ ਜਾ ਸਕਦਾ ਹੈ।
ਜਿੱਥੋਂ ਤੱਕ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇੰਤਜ਼ਾਮਾਂ ਦੀ ਗੱਲ ਹੈ, ਉਸ ਸਬੰਧ ਵਿੱਚ ਕਿਹਾ ਜਾ ਸਕਦਾ ਹੈ ਕਿ ਜਿਸ ਪ੍ਰਕਾਰ ਸ਼ਹਿਰਾਂ ਵਿਚ ਕਰਫਿਊ ਲੱਗੇ, ਉਨ੍ਹਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨ ਇੱਕ ਦਮ ਪਈ ਬਿਪਤਾ ਨਾਲ ਨਜਿੱਠਣ ਵਿਚ ਬਿਲਕੁਲ ਅਸਫ਼ਲ ਹੈ। ਭੜਕੇ ਹੋਏ ਲੋਕ ਗੱਡੀਆਂ, ਰੇਲ ਗੱਡੀਆਂ, ਦੁਕਾਨਾਂ ਸਾੜ ਰਹੇ ਹਨ ਪਰ ਪੰਜਾਬ ਪੁਲਿਸ ਬਿਲਕੁਲ ਸਖ਼ਤੀ ਨਹੀਂ ਕਰ ਸਕੀ। ਹਥਿਆਰਬੰਦ ਫੋਰਸਾਂ ਅੱਗੇ ਡੰਡੇ ਲੈ ਕੇ ਪ੍ਰਦਰਸ਼ਨਕਾਰੀ ਨਾਚ ਕਰਦੇ ਰਹੇ। ਸਰਕਾਰ ਨੇ ਪੁਲਿਸ ਨੂੰ ਸਖ਼ਤੀ ਕਰਨ ਦੀਆਂ ਹਦਾਇਤਾਂ ਕਿਉਂ ਨਹੀਂ ਦਿੱਤੀਆਂ, ਇਹ ਵੀ ਇੱਕ ਭੇਦ ਹੀ ਹੈ।

ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਜੋ ਘਟਨਾਚੱਕਰ ਵਾਪਰਿਆ, ਇਹ ਬਹੁਤ ਹੀ ਨਿੰਦਣਯੋਗ ਹੈ। ਜਿਨ੍ਹਾਂ ਨੇ ਵਿਆਨਾ ਵਿਖੇ ਗੋਲੀਬਾਰੀ ਕੀਤੀ, ਉਹ ਮਾਨਵਤਾ ਦੇ ਦੁਸ਼ਮਣ ਹਨ ਅਤੇ ਜਿਨ੍ਹਾਂ ਨੇ ਪੰਜਾਬ ਵਿੱਚ ਹਿੰਸਾ ਕੀਤੀ, ਉਹ ਪੰਜਾਬ ਦੇ ਦੋਖੀ ਹਨ। ਪੰਜਾਬ ਸਰਕਾਰ ਲਈ ਆਉਣ ਵਾਲੇ ਦਿਨ ਕਾਫ਼ੀ ਚੁਣੌਤੀਪੂਰਨ ਹਨ। ਇਸ ਲਈ ਉਸ ਨੂੰ ਪੂਰੀ ਤਰ੍ਹਾਂ ਚੌਕਸ ਹੋ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਜਿਹੜੀਆਂ ਵੀ ਘਟਨਾਵਾਂ ਵਾਪਰ ਰਹੀਆਂ ਹਨ ਉਨ੍ਹਾਂ ਦੀ ਇੱਕ ਪਰਤ ਜੇਕਰ ਸਮਾਜਿਕ ਸਮੱਸਿਆਵਾਂ ਨੂੰ ਸਾਹਮਣੇ ਲਿਆਉਂਦੀ ਹੈ ਤਾਂ ਦੂਜੀ ਪਰਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁੱਝ ਲੋਕ ਸਿਆਸੀ ਲਾਹਾ ਲੈਣ ਲਈ ਪੰਜਾਬ ਨੂੰ ਹਿੰਸਾ ਦੀ ਅੰਨ੍ਹੇਰੀ ਗਲੀ ਵਿਚ ਧੱਕ ਰਹੇ ਹਨ। ਇਹ ਲੋਕ ਸਿਆਸਤ ਤੋਂ ਵੀ ਪ੍ਰੇਰਿਤ ਹਨ ਅਤੇ ਕੁੱਝ ਲੋਕ ਅਜਿਹੇ ਵੀ ਹਨ ਜੋ ਕਿ ਵਿਦੇਸ਼ਾਂ ਵਿੱਚ ਬੈਠ ਕੇ ਕਿਸੇ ਖ਼ਾਸ ਮੁੱਦੇ 'ਤੇ ਪੈਸਾ ਇਕੱਠਾ ਕਰ ਰਹੇ ਹਨ ਅਤੇ ਆਪਣੀਆਂ ਇੱਛਾਵਾਂ ਦੀਆਂ ਪੂਰਤੀਆਂ ਦੇ ਲਈ ਵਿਦੇਸ਼ਾਂ ਵਿੱਚ ਹਿੰਸਕ ਘਟਨਾਵਾਂ ਨੂੰ ਹੱਲਾਸ਼ੇਰੀ ਦੇ ਕੇ ਪੰਜਾਬ ਨੂੰ ਇੱਕ ਵਾਰ ਫਿਰ ਉਸੇ ਅਣਜਾਨ ਰਾਹ ਉੱਤੇ ਲਿਆ ਕੇ ਖੜ੍ਹਾ ਕਰਨਾ ਚਾਹ ਰਹੇ ਹਨ, ਜਿਥੋਂ ਇਸ ਸੂਬੇ ਨੂੰ ਅਣਥੱਕ ਯਤਨ ਕਰ ਕੇ ਵਾਪਸ ਮੋੜਿਆ ਹੈ। ਇਸ ਲਈ ਅੱਜ ਇਸ ਗੱਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਪੰਜਾਬ ਦੇ ਲੋਕ ਭਾਵੇਂ ਉਹ ਵਿਦੇਸ਼ਾਂ ਵਿੱਚ ਰਹਿੰਦੇ ਹਨ ਜਾਂ ਪੰਜਾਬ ਵਿੱਚ ਹੀ, ਇਸ ਗੱਲ ਨੂੰ ਸਮਝਣ ਕਿ ਇਹ ਜੋ ਕੁੱਝ ਵੀ ਹੋ ਰਿਹਾ ਹੈ, ਉਸ ਪਿੱਛੇ ਕੋਈ ਅਜਿਹੀ ਸਾਜ਼ਿਸ਼ ਤਾਂ ਨਹੀਂ ਜਿਸ ਨਾਲ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਇਆ ਜਾ ਸਕੇ।