ਗੰਧਲੀ ਰਾਜਨੀਤੀ ਨੇ ਭਾਈਚਾਰਕ ... - ਕੁਲਵੰਤ ਸਿੰਘ ਢੇਸੀ

ਗੰਧਲੀ ਰਾਜਨੀਤੀ ਨੇ ਭਾਈਚਾਰਕ ਏਕਤਾ ਨੂੰ ਅੱਗ ਲਾ ਦਿੱਤੀ ਸ਼ਰਾਰਤੀ ਅਨਸਰਾਂ ਨੇ ਬੇਗਮਪੁਰੇ ਨੂੰ ਗਮਪੁਰੇ ਵਿਚ ਬਦਲ ਦਿੱਤਾ
24 ਮਈ ਨੂੰ ਵਿਆਨਾਂ (ਆਸਟਰੀਆ) ਦੇ ਬਾਬਾ ਰਵੀਦਾਸ ਗੁਰਦੁਆਰੇ ਵਿਚ ਹੋਈ ਗੋਲੀ ਬਾਰੀ ਨੇ ਪੰਜਾਬੀ ਭਾਈਚਾਰੇ ਦੀ ਏਕਤਾ 'ਤੇ ਵੱਡਾ ਸਵਾਲੀਆ ਚਿੰਨ ਲਗਾ ਦਿੱਤਾ ਹੈ। ਇਸ ਗੋਲੀ ਬਾਰੀ ਵਿਚ ਡੇਰਾ ਬੱਲਾਂ ਦੇ ਆਗੂ ਸੰਤ ਰਾਮਾ ਨੰਦ ਅਕਾਲ ਚਲਾਣਾ ਕਰ ਗਏ ਸਨ, ਜਦ ਕਿ ਸੰਤ ਨਿਰੰਜਣ ਦਾਸ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਇਸ ਘਟਨਾਂ ਤੋਂ ਬਾਅਦ ਡੇਰੇ ਦੇ ਸ਼ਰਧਾਲੂਆਂ ਨੇਂ ਪੰਜਾਬ ਭਰ ਵਿਚ ਭੰਨ ਤੋੜ, ਅਗਜ਼ਨੀ ਅਤੇ ਬੰਦ ਦੀਆਂ ਘਟਨਾਵਾਂ ਕੀਤੀਆਂ, ਜਿਸ ਕਾਰਨ 7000 ਕਰੋੜ ਰੁਪਏ ਦੀ ਸੰਪਤੀ ਦਾ ਨੁਕਸਾਨ ਹੋਇਆ। ਇਸ ਗੜਬੜ ਨੂੰ ਠੱਲ੍ਹਣ ਲਈ ਕੇਂਦਰ ਨੇ ਅਰਧ ਸੈਨਿਕ ਬਲਾਂ ਦੀਆਂ 14 ਕੰਪਨੀਆਂ ਭੇਜੀਆਂ। ਇਸ ਘਟਨਾਂ ਦੀ ਪੰਜਾਬ ਦੇ ਗਰਮ ਅਤੇ ਨਰਮ ਹਰ ਵਰਗ ਦੇ ਆਗੂਆਂ ਵਲੋਂ ਨਿੰਦਾ ਹੋਈ। ਇਸ ਹਮਲੇ ਨਾਲ ਸਬੰਧਤ ਛੇ ਹਮਲਾਵਰ ਸਿੱਖੀ ਭੇਸ ਵਿਚ ਦੱਸੇ ਜਾਂਦੇ ਹਨ, ਜਿਹਨਾਂ ਵਿਚੋਂ ਚਾਰਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨ ਲਿਬਰੋਸ਼ਨ ਫੋਰਸ ਵਲੋਂ ਇਹ ਕਹਿ ਕੇ ਲਈ ਹੈ ਕਿ ਉਕਤ ਬਾਬੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖੁਦ ਨੂੰ ਮੱਥੇ ਟਿਕਾਊਂਦੇ ਸਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰਤ ਮੁਦਿਆਂ ਨੂੰ ਲੈ ਕੇ ਰਵੀਦਾਸ ਭਾਈਚਾਰੇ ਵਿਚ ਦੋ ਧੜਿਆਂ ਵਿਚ ਦੇਰ ਤੋਂ ਖਿੱਚੋਤਾਣ ਚਲੀ ਆ ਰਹੀ ਸੀ। ਇੱਕ ਧੜਾ ਸਿੱਖ ਮਰਿਯਾਦਾ ਉਪਰ ਪਹਿਰਾ ਦੇਣ ਲਈ ਤਤਪਰ ਹੁੰਦਾ ਹੋਇਆ ਸੰਤਾਂ ਦੀਆਂ ਮੱਥਾ ਟਿਕਾਊਣ ਦੀਆਂ ਹਰਕਤਾਂ ਦਾ ਵਿਰੋਧੀ ਸੀ ਜਦ ਕਿ ਦੂਜਾ ਧੜਾ ਸਿੱਖ ਸਿਧਾਂਤਾਂ ਦੇ ਖਿਲਾਫ ਹਰਕਤਾਂ ਦਾ ਹਿਮਾਇਤੀ ਸੀ। ਇਸ ਘਟਨਾਂ ਸਬੰਧੀ ਆਸਟਰੀਆ ਦੇ ਇੱਕ ਅਖਬਾਰ ਨੂੰ ਦਿੱਤੇ ਬਿਆਨਾਂ ਵਿਚ ਗੁਰਦੁਆਰੇ ਦੇ ਮੀਤ ਪਰਧਾਨ ਬਲਵਿੰਦਰ ਕੁਮਾਰ ਨੇਂ ਮੰਗਲਵਾਰ 26 ਮਈ ਨੂੰ ਕਿਹਾ ਹੈ ਕਿ, "ਸਿੱਖ ਵੀ ਤਾਲਿਬਾਨਾਂ ਦੀ ਤਰਾਂ ਹੀ ਦ੍ਹਾੜੀਆਂ ਰੱਖਦੇ ਅਤੇ ਜ਼ੁਰਮ ਕਰਦੇ ਹਨ, ਜਿਹਨਾਂ ਨੇਂ ਕਿ 35 ਲੱਖ ਲੋਕਾਂ ਦਾ ਵਿਸ਼ਵਾਸ ਉਹਨਾਂ ਦੇ ਪੋਪ ਨੂੰ ਕਤਲ ਕਰਕੇ ਤੋੜਿਆ ਹੈ।"


ਜਦੋਂ ਤੋਂ ਇਹ ਘਟਨਾਂ ਹੋਈ ਹੈ ਉਦੋਂ ਤੋਂ ਹੀ ਕੌਮਾਂਤਰੀ ਮੀਡੀਏ ਵਿਚ ਮਰਨ ਅਤੇ ਮਾਰਨ ਵਾਲਿਆਂ ਦੇ ਸਬੰਧ ਵਿਚ ਸਿੱਖ ਨਾਮ ਦਾ ਜ਼ਿਕਰ ਹੀ ਸੁਣਨ ਵਿਚ ਆਇਆ ਹੈ। ਭਾਵ ਕਿ ਸਿੱਖਾਂ ਵਲੋਂ ਸਿੱਖ ਆਗੂਆਂ 'ਤੇ ਹਮਲਾ। ਪਰ ਬਲਵਿੰਦਰ ਕੁਮਾਰ ਵਰਗੇ ਆਗੂਆਂ ਵਲੋਂ ਸਿੱਖਾਂ ਨੂੰ ਦੁਸ਼ਮਣ ਧਿਰ ਕਰਾਰ ਦੇ ਕੇ ਪੂਰੀ ਸਿੱਖ ਕੌਮ ਨੁੰ ਤਾਲਿਬਾਨੀ ਹੋਣ ਦਾ ਫਤਵਾ ਦੇਣ ਪਿੱਛੇ ਕਿਸੇ ਡੂੰਘੀ ਸਿਆਸੀ ਸਾਜਸ਼ ਦਾ ਹੱਥ ਦਿਸਦਾ ਹੈ। ਅਸਲ ਵਿਚ ਭਾਰਤੀ ਸਿਆਸਤ ਦਾ ਆਪਣੇ ਤੰਗ ਸਿਆਸੀ ਹਿੱਤਾਂ ਲਈ ਪੰਜਾਬੀ ਭਾਈਚਾਰੇ ਨੂੰ ਪਾੜ ਕੇ ਰੱਖਣਾ ਹੀ ਝਗੜੇ ਦਾ ਮੂਲ ਹੈ। ਇਸ ਸਿਆਸਤ ਨੇ ਹੁਣ ਤਕ ਪੰਜਾਬੀ ਏਕਤਾ ਨੂੰ ਭਾਵੇਂ ਬੁਰੀ ਤਰਾਂ ਤਹਿਸ ਨਹਿਸ ਕਰਨ ਲਈ ਟਿਲ ਲਾਇਆ ਹੈ, ਪਰ ਤਾਂ ਵੀ ਐਸੇ ਬਹੁਤ ਸਾਰੇ ਰਵਿਦਾਸੀਏ ਸਿੱਖ ਹਨ ਜੋ ਕਿ ਜਾਤੀ ਅਤੇ ਜਮਾਤੀ ਵੰਡੀਆਂ ਨੂੰ ਉਲੰਘ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਨੂੰ ਸਮਰਪਿਤ ਹਨ। ਇਹਨਾਂ ਸਿੱਖਾਂ ਨੂੰ ਖਾਲਸਾ ਪੰਥ ਨਾਲੋਂ ਅਲੱਗ ਥਲੱਗ ਕਰਨ ਦੀ ਸਾਜਿਸ਼ ਨੇਂ ਹੀ ਪੰਜਾਬ ਦੇ ਸ਼ਾਂਤ ਮਹੌਲ ਨੂੰ ਅੱਗਾਂ ਦੇ ਸਪੁਰਦ ਕੀਤਾ ਹੈ।


ਵੋਟਾਂ ਦੀ ਰਾਜਨੀਤੀ ਲੋਕਾਂ ਨੂੰ ਰੱਬ ਦੇ ਨਾਮ 'ਤੇ ਜਾਂ ਮਹਾਂਪੁਰਸ਼ਾਂ ਦੇ ਨਾਮ 'ਤੇ ਵੰਡਣ ਲਈ ਟਿਲ ਲਾ ਰਹੀ ਹੈ। ਸਿੱਖ ਧਰਮ ਵਿਚ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਸਿੱਖਾਂ ਵਲੋਂ ਜਾਤੀ ਅਤੇ ਮਜ਼ਹਬੀ ਦੀਵਾਰਾਂ ਨੂੰ ਢਾਹ ਕੇ ਸਮੁੱਚੀ ਮਨੁੱਖਤਾ ਨੂੰ ਗਲ ਲਾਊਣ ਲਈ ਬੜੀਆਂ ਹੀ ਵੱਡੀਆਂ ਕੁਰਬਾਨੀਆਂ ਕੀਤੀਆਂ ਗਈਆਂ। ਇਸ ਵਿਚ ਕੋਈ ਸ਼ਕ ਨਹੀਂ ਕਿ ਵਰਣ ਵੰਡ ਦੀ ਰਹਿੰਦ ਖੂੰਹਦ ਹੇਠ ਹਾਲੇ ਵੀ ਸਾਡੇ ਭਾਈਚਾਰਿਆਂ ਵਿਚ ਵਿਤਕਰੇ ਅਤੇ ਛੂਤ ਛਾਤ ਦੀਆਂ ਜੜ੍ਹਾਂ ਕਿਸੇ ਨਾਂ ਕਿਸੇ ਤਲ 'ਤੇ ਲੱਗੀਆਂ ਹੋਈਆਂ ਹਨ, ਪਰ ਇਹ ਵੀ ਸੱਚ ਹੈ ਕਿ ਸਾਡੇ ਅਗਾਂਹਵਧੂ ਲੋਕ ਹਰ ਤਰਾਂ ਦੀ ਨਫਰਤ ਅਤੇ ਵਿਤਕਰੇ ਵਿਚੋਂ ਨਿਕਲਣ ਦੇ ਇਛੁੱਕ ਹਨ। ਸਿੱਖ ਧਰਮ ਦੇ ਮਾਨਵੀ ਸਿਧਾਂਤਾਂ ਕਾਰਨ ਹੀ ਬਾਬਾ ਸਾਹਿਬ ਡਾ: ਅੰਬੇਦਕਰ ਭਾਰਤ ਦੇ ਸੱਤ ਕਰੋੜ ਦਲਿਤਾਂ ਨੂੰ ਸਿੱਖ ਧਾਰਮ ਧਾਰਨ ਕਰਵਾਊਣ ਦੇ ਇਛੁਕ ਸਨ। ਅੱਜ ਦਾ ਸੱਚ ਇਹ ਹੈ ਕਿ ਸਿੱਖ ਧਰਮ ਦੀ ਮੁੱਖ ਧਾਰਾ ਵਿਚ ਦਲਿਤ ਭਾਈਚਾਰਿਆਂ ਨੂੰ ਆਉਣੋ ਰੋਕਣ ਲਈ ਜਾਤੀ ਅਤੇ ਜਮਾਤੀ ਹਿੱਤਾਂ ਨੇ ਦੀਵਾਰ ਬਣਦੇ ਹੀ ਰਹਿਣਾ ਹੈ।


ਇਹ ਕਿੰਨੇ ਦੁਖ ਦੀ ਗੱਲ ਹੈ ਕਿ ਸਾਡੇ ਮਹਾਂਪੁਰਸ਼ਾਂ ਦੀ ਰੱਬੀ ਬਾਣੀ ਤੋਂ ਸਾਡੇ ਲੋਕ ਪ੍ਰੇਮ ਦਾ ਸੰਦੇਸ਼ਾ ਨਹੀਂ ਲੈਂਦੇ, ਸਗੋਂ ਮਹਾਂਪੁਰਸ਼ਾਂ ਉਪਰ ਆਪਣੀ ਦਾਅਵੇਦਾਰੀ ਨੂੰ ਸਿਆਸਤ ਦੀਆਂ ਰੋਟੀਆਂ ਸੇਕਣ ਲਈ ਵਰਤਣ ਲੱਗ ਪੈਂਦੇ ਹਨ। ਇਹ ਗੱਲ ਕਿਸੇ ਇੱਕ ਜਾਤ, ਕਿਸੇ ਇੱਕ ਜਮਾਤ, ਕਿਸੇ ਇੱਕ ਸੰਪਰਦਾ ਜਾਂ ਕਿਸੇ ਇੱਕ ਡੇਰੇ ਨਾਲ ਸਬੰਧਤ ਨਹੀਂ ਹੈ, ਸਗੋਂ ਇਸ ਮਾਮਲੇ ਵਿਚ ਅਸੀਂ ਸਾਰੇ ਹੀ ਕਿਸੇ ਨਾਂ ਕਿਸੇ ਹੱਦ ਤਕ ਦੋਸ਼ੀ ਹਾਂ। ਜਿੰਨਾਂ ਹੀ ਕੋਈ ਵਿਅਕਤੀ ਆਪਣੀ ਸੰਪਰਦਾ ਜਾਂ ਆਪਣੇ ਡੇਰੇ ਪ੍ਰਤੀ ਕਟੜ ਹੋਣ ਲੱਗਦਾ ਹੈ, ਓਨਾਂ ਹੀ ਉਹ ਦੂਸਰਿਆਂ ਪ੍ਰਤੀ ਵਧੇਰੇ ਨਫਰਤੀ ਵੀ ਹੁੰਦਾ ਜਾਂਦਾ ਹੈ। ਸਿਰਫ ਅਗਾਂਹ ਵਧੂ ਜਾਂ ਮਾਡਰੇਟ ਅਖਵਾਣ ਵਾਲੇ ਲੋਕ ਹੀ ਇਸ ਦੋਸ਼ ਤੋਂ ਮੁਕਤ ਹੁੰਦੇ ਹਨ।


ਲੋਕਾਂ ਨੂੰ ਪਾੜਨ ਅਤੇ ਲੜਾਊਣ ਲਈ ਸਰਕਾਰੀ ਨੀਤੀਆਂ ਵੀ ਵਾਹ ਲਾਊਂਦੀਆਂ ਹਨ। ਇਹਨਾਂ ਨੀਤੀਆਂ ਵਿਚੋਂ ਇੱਕ ਪ੍ਰਮੁਖ ਨੀਤੀ ਭਾਰਤ ਦੀ ਜਮਾਤੀ ਰਿਜ਼ਰਵੇਸ਼ਨ ਦੀ ਨੀਤੀ ਹੈ। ਇਸ ਨੀਤੀ ਤਹਿਤ ਕਿਸੇ ਵਿਅਕਤੀ ਨੂੰ ਸਹੂਲਤਾਂ ਉਸ ਦੀ ਮਾਲੀ ਹਾਲਤ ਕਰਕੇ ਨਹੀਂ, ਸਗੋਂ ਉਸ ਦੀ ਅਖੌਤੀ ਜਾਤ ਕਰਕੇ ਦਿੱਤੀਆਂ ਜਾਂਦੀਆਂ ਹਨ। ਇਸ ਤਰਾਂ ਦੀਆਂ ਪੱਖਪਾਤੀ ਅਤੇ ਕਾਣੀਆਂ ਮੀਣੀਆਂ ਨੀਤੀਆਂ ਨੇ ਸਬੰਧਤ ਜਾਤਾਂ ਨੂੰ ਅਖੌਤੀ ਸਵਰਨ ਭਾਈਚਾਰਿਆਂ ਤੋਂ ਦੂਰ ਕਰਕੇ ਅਜੀਬ ਤਰਾਂ ਦੇ ਪੱਖਪਾਤ ਨਾਲ ਭਰ ਦਿੱਤਾ ਹੈ। ਜਦੋਂ ਕੋਈ ਸਰਕਾਰ ਕਿਸੇ ਵਿਅਕਤੀ ਦੀ ਜਾਤ ਕਰਕੇ ਉਸ ਨੂੰ ਸਹੂਲਤਾਂ ਦਿੰਦੀ ਹੈ ਤਾਂ ਇਹ ਵਰਤਾਰਾ ਕੇਵਲ ਜਾਤ ਪ੍ਰਥਾ ਨੂੰ ਹੀ ਪੱਕਿਆਂ ਨਹੀਂ ਕਰਦਾ ਸਗੋਂ, ਇਹ ਭਾਈਚਾਰਕ ਪਾੜੇ ਵਿਚ ਵੀ ਵਾਧਾ ਕਰਦਾ ਹੈ। ਐਸੇ ਆਪੋ ਧਾਪੀ ਵਾਲੇ ਮਹੌਲ ਵਿਚ ਧਾਰਮਿਕ ਆਗੂਆਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਲੋਕਾਂ ਵਿਚ ਪ੍ਰੇਮ ਅਤੇ ਸਾਂਝ ਦਾ ਪ੍ਰਚਾਰ ਕਰਨ। ਮੁਸ਼ਕਿਲ ਉਦੋਂ ਹੋਰ ਵੀ ਵਧ ਜਾਂਦੀ ਹੈ ਜਦੋਂ ਧਾਰਮਕ ਆਗੂ ਧਰਮ ਕਰਮ ਦੇ ਮੁਦਿਆਂ 'ਤੇ ਨਾਂ ਕੇਵਲ ਵਿਵਾਦੀ ਹੋ ਜਾਂਦੇ ਹਨ, ਸਗੋਂ ਕਈ ਵੇਰਾਂ ਉਹ ਸਾਥੀ ਭਾਈਚਾਰਿਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਊਣ ਦਾ ਕਾਰਨ ਵੀ ਬਣ ਜਾਂਦੇ ਹਨ।


ਸਿੱਖ ਨਾਅਰਿਆਂ ਪ੍ਰਤੀ ਪਿੱਠ-ਜਦੋਂ ਕਿਸੇ ਭਾਈਚਾਰੇ ਦਾ ਕਿਸੇ ਦੂਸਰੇ ਭਾਈਚਾਰੇ ਨਾਲ ਕਿਸੇ ਵਜ੍ਹਾ ਕਾਰਨ ਮਨ ਮਟਾਵ ਹੋ ਜਾਵੇ ਤਾਂ ਉਹ ਹਰ ਸਾਂਝ ਤੋੜਨ ਵਲ ਰੁਚਿਤ ਹੋ ਜਾਂਦਾ ਹੈ। ਰਵੀਦਾਸ ਭਾਈਚਾਰੇ ਵਲੋਂ 'ਸਤਿ ਸ੍ਰੀ ਅਕਾਲ', ਬੋਲੇ ਸੋ ਨਿਹਾਲ ਅਤੇ ਫਤਿਹ ਦੇ ਸਿੱਖ ਨਾਅਰਿਆਂ ਪ੍ਰਤੀ ਜੋ ਬੇਰੁਖੀ ਦੇਖਣ ਵਿਚ ਅੱਜ ਆ ਰਹੀ ਹੈ ਇਸ ਦਾ ਕਾਰਨ ਵੀ ਸਿਆਸੀ ਹੀ ਹੈ। ਅਸੀਂ ਨੋਟ ਕੀਤਾ ਹੈ ਕਿ ਸੰਨ 1984 ਨੂੰ ਦਰਬਾਰ ਸਾਹਿਬ ਦਾ ਸਾਕਾ ਹੋਣ ਪਿਛੋਂ ਕਈ ਸਿੱਖ ਲਿਖਾਰੀਆਂ ਨੇਂ ਕਿਤਾਬਚੇ ਛਾਪ ਕੇ ਇਹ ਤਜ਼ਵੀਜ਼ਾਂ ਦਿੱਤੀਆਂ ਸਨ ਕਿ ਸਿੱਖਾਂ ਨੂੰ ਗੁਰੂ ਸਾਹਿਬਾਨ ਦੇ ਨਾਵਾਂ ਨਾਲ 'ਦੇਵ' ਜਾਂ 'ਦਾਸ' ਦੇ ਵਿਸੇਸ਼ਣ ਹਟਾ ਕੇ 'ਸਾਹਿਬ' ਲਗਾ ਦੇਣਾ ਚਾਹੀਦਾ ਹੈ । ਇਸ ਦਾ ਪ੍ਰਮੁਖ ਕਾਰਨ ਇਹ ਸੀ ਕਿ ਦੇਵ ਜਾਂ ਦਾਸ ਵਿਸ਼ੇਸ਼ਣਾਂ ਨਾਲ ਗੁਰੂ ਸਾਹਿਬ ਦਾ ਹਿੰਦੂ ਪਿਛੋਕੜ ਮਹਿਸੂਸ ਹੁੰਦਾ ਸੀ ਜਿਸ ਵਲ ਕਿ ਸਿੱਖ ਸਮੂਹ ਬੇਰੁਖੀ ਭਰੇ ਅੰਦਾਜ਼ ਵਿਚ ਸੀ। ਐਸੇ ਝੁਕਾਅ ਭਾਈਚਾਰਕ ਏਕਤਾ ਲਈ ਬਹੁਤ ਹੀ ਨੁਕਸਾਨ ਦੇਹ ਸਾਬਤ ਹੋਣਗੇ। ਪਿਛਲੇ ਦਿਨੀਂ ਮੇਰਾ ਇਕ ਦੋਸਤ ਪੰਜਾਬ ਹੋ ਕਿ ਆਇਆ ਤਾਂ ਬਹੁਤ ਹਿਰਖਿਆ ਹੋਇਆ ਸੀ ਕਿ ਰਵਿਦਾਸ ਭਾਈਚਾਰੇ ਨੇ ਪੰਜਾਬ ਵਿਚ ਬੇਹੱਦ ਭੰਨ ਤੋੜ ਅਤੇ ਅੱਗਜ਼ਨੀ ਦੀਆਂ ਵਾਰਦਾਤਾਂ ਕਰਕੇ ਸੂਬੇ ਦੇ ਜੀਵਨ ਨੂੰ ਤਹਿਸ ਨਹਿਸ ਕੀਤਾ ਹੈ। ਉਸ ਨੇ ਇਹ ਵੀ ਕਿਹਾ ਕਿ ਫਲਾਂ ਫਲਾਂ ਸ਼ਹਿਰਾਂ ਵਿਚ ਬਦਲੇ ਦੀ ਭਾਵਨਾਂ ਹਿੱਤ ਰਵੀਦਾਸ ਭਾਈਚਾਰੇ ਦੇ ਨਗਰ ਕੀਰਤਨਾਂ ਵਿਚ ਸ਼ਾਮਲ ਨਾਂ ਹੋਣ ਦੇ ਫੈਸਲੇ ਲਏ ਜਾ ਰਹੇ ਹਨ।


ਅਸੀਂ ਸੰਕਟ ਦੀਆਂ ਇਹਨਾਂ ਘੜੀਆਂ ਵਿਚ ਸਮੂਹ ਪੰਜਾਬੀਆਂ ਨੂੰ ਇਹ ਹੀ ਅਪੀਲ ਕਰਾਂਗੇ ਕਿ ਸਾਨੂੰ ਤਾਂ ਸਗੋਂ ਐਸੀਆਂ ਸਾਂਝਾਂ ਲੱਭਣੀਆਂ ਚਾਹੀਦੀਆਂ ਹਨ, ਜਿਸ ਨਾਲ ਕਿ ਅਸੀਂ ਇੱਕ ਦੂਸਰੇ ਦੇ ਨੇੜੇ ਹੋ ਕੇ ਭਵਿੱਖ ਵਿਚ ਸੂਬੇ ਦੇ ਅਮਨ ਚੈਨ ਨੂੰ ਯਕੀਨੀ ਬਣਾ ਸਕੀਏ। ਭਦਲੇ ਦੀ ਭਾਵਨਾਂ ਤਹਿਤ ਮਸਲੇ ਸੁਲਝਣੇ ਨਹੀਂ ਸਗੋਂ ਉਲਝਣੇ ਹੀ ਹਨ। ਜਦੋਂ ਕਿਸੇ ਖਿੱਤੇ ਵਿਚ ਬੇਯਕੀਨੀ ਅਤੇ ਤੌਖਲੇ ਦਾ ਮਹੌਲ ਪੈਦਾ ਹੋ ਜਾਵੇ ਤਾਂ ਉਸ ਦਾ ਅਸਰ ਸਾਰੇ ਹੀ ਲੋਕਾਂ 'ਤੇ ਹੁੰਦਾ ਹੈ। ਅਸੀਂ ਆਪਸੀ ਏਕਤਾ ਅਤੇ ਸਦਭਾਵਨਾਂ ਭਰੇ ਮਹੌਲ ਵਿਚ ਹਰ ਮਸਲੇ ਦਾ ਸਾਰਥਕ ਹੱਲ ਲੱਭ ਸਕਦੇ ਹਾਂ। ਅਸੀਂ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਨੂੰ ਅੱਗਾਂ ਲਾਊਣ ਵਾਲੇ ਰਵੀਦਾਸ ਜੀ ਮਹਾਂਰਾਜ ਦੇ ਉਪਾਸ਼ਕ ਹਰਗਿਜ਼ ਨਹੀਂ ਹੋ ਸਕਦੇ ਸਗੋਂ ਸਿਆਸੀ ਲੋਕਾਂ ਦੇ ਇਸ਼ਾਰੇ 'ਤੇ ਐਸੀਆਂ ਹਰਕਤਾਂ ਕਰਨ ਵਾਲੇ ਨਸ਼ੇਖੜੀ ਅਤੇ ਸ਼ਰਾਰਤੀ ਲੋਕ ਹੀ ਹੋਣਗੇ। ਇਸ ਦੇ ਨਾਲ ਹੀ ਅਸੀਂ ਪੰਜਾਬ ਦੀਆਂ ਸੰਪਰਦਾਵਾਂ ਦੀ ਗੋਲੀ ਨਾਲ ਸੁਧਾਈ ਕਰਨ ਵਾਲਿਆਂ ਨੂੰ ਵੀ ਇਹ ਕਹਾਂਗੇ ਕਿ ਆਖਿਰ ਨੂੰ ਐਸੀਆਂ ਹਰਕਤਾਂ ਨਾਲ ਉਹ ਐਸੀ ਅੱਗ ਬਾਲ ਲੈਣਗੇ ਜਿਸ ਦੇ ਲਾਂਬੂ ਸਮੂਹ ਪੰਜਾਬੀਆਂ ਦੇ ਪਿੰਡੇ ਸਾੜਨਗੇ। ਹਨੇਰੇ ਦਾ ਮੁਕਾਬਲਾ ਕਰਨ ਦਾ ਇੱਕੋ ਇੱਕ ਤਰੀਕਾ ਗਿਆਨ ਦੀ ਮਿਸ਼ਾਲ ਨੂੰ ਬਾਲਣਾ ਹੀ ਹੈ। ਅਸੀਂ ਸਿਰਫ ਇਹ ਕਹਿ ਕੇ ਸੁਰਖਰੂ ਨਹੀਂ ਹੋ ਜਾਂਦੇ ਕਿ ਸਾਰਾ ਕਸੂਰ ਸ਼੍ਰੋਮਣੀ ਕਮੇਟੀ ਦਾ ਹੀ ਹੈ ਜਿਸ ਦੇ ਆਗੂਆਂ ਨੇ ਆਪਣੇ ਸਿਆਸੀ ਆਕਾ ਵਲ ਪਿੱਠ ਕਰਕੇ ਧਾਰਮਕ ਸੰਸਥਾਵਾਂ ਦੇ ਨਿਘਾਰ ਦਾ ਰਾਹ ਪੱਧਰਾ ਕੀਤਾ ਹੋਇਆ ਹੈ, ਸਗੋਂ ਸਾਂਨੂੰ ਆਪੋ ਆਪਣੀ ਪੀਹੜੀ ਥੱਲੇ ਵੀ ਸੋਟਾ ਫੇਰਨਾਂ ਪੈਣਾ ਹੈ।


ਅਖੀਰ 'ਤੇ ਅਸੀਂ ਸਮੂਹ ਪੰਜਾਬੀਆਂ ਨੂੰ ਇਹ ਅਪੀਲ ਕਰਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਹਾਜ਼ਰ ਨਾਜ਼ਰ ਗੁਰੁ ਹਨ। ਜਦੋਂ ਕੋਈ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖੁਦ ਮੱਥੇ ਟਿਕਵਾਂਊਂਦਾ ਹੈ ਜਾਂ ਖੁਦ ਨੂੰ ਗੁਰੂ ਵੀ ਅਖਵਾਂਊਂਦਾ ਹੈ, ਤਾਂ ਉਹ ਸਿੱਖ ਧਰਮ ਪ੍ਰਤੀ ਘੋਰ ਅਵੱਗਿਆ ਕਰ ਰਿਹਾ ਹੁੰਦਾ ਹੈ, ਜਿਸ ਦਾ ਅੰਜਾਂਮ ਬੁਰਾ ਹੀ ਨਿਕਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਪ੍ਰਮੁਖਤਾ ਦੇ ਮੁੱਦੇ'ਤੇ ਸਿੱਖ ਧਰਮ ਸੰਨ 1978 ਤੋਂ ਲਗਾਤਾਰ ਸਾਕੇ ਹੰਢਾ ਰਿਹਾ ਹੈ। ਸਰਕਾਰੀ ਥਾਪੜੇ ਵਾਲੇ ਲੋਕ ਇਸ ਤਰਾਂ ਦੇ ਸਾਕੇ ਵਰਤਾਊਣੋਂ ਬਾਜ ਨਹੀਂ ਆ ਰਹੇ। ਇਹ ਮੁੱਦਾ ਪੰਜਾਬ ਦੀ ਸੁੱਖ ਸ਼ਾਂਤੀ ਲਈ ਬੜਾ ਹੀ ਸੰਵੇਦਨਸ਼ੀਲ ਮੁੱਦਾ ਹੈ। ਸਬੰਧਤ ਧਿਰਾਂ ਨੂੰ ਚਾਹੀਦਾ ਹੈ ਕਿ ਇਸ ਬਾਬਤ ਦੂਰ ਅੰਦੇਸ਼ੀ ਤੋਂ ਕੰਮ ਲੈਣ। ਇਸੇ ਵਿਚ ਹੀ ਸਰਬਤ ਦਾ ਭਲਾ ਹੈ। ਪੰਜਾਬ ਦੀ ਬਿਹਤਰੀ ਇਸੇ ਵਿਚ ਹੈ ਕਿ ਬੇਗਮਪੁਰੇ, ਹਲੇਮੀਰਾਜ ਅਤੇ ਰਾਮ ਰਾਜ ਦੇ ਅਭਿਲਾਸ਼ੀ ਰਲ ਮਿਲ ਕੇ ਰਹਿਣਾਂ ਸਿੱਖਣ। ਸੁਰਜੀਤ ਪਾਤਰ ਦੇ ਕਹਿਣ ਵਾਂਗ 'ਅਸੀਂ ਗਾਊਂਦੇ ਪੈਗੰਬਰਾਂ ਦੀ ਧਰਤੀ ਦੇ ਵਾਰਸ ਹਾਂ'। ਸਾਨੂੰ ਸਭ ਪੰਜਾਬੀਆਂ ਨੂੰ ਰਲ ਕੇ ਹੀ ਉਹਨਾਂ ਦੇ ਰੱਬੀ ਗੀਤ ਗਾਊਣੇ ਸੋਭਦੇ ਹਨ।