ਪੰਜਾਬ ਵਿਚ ਫਿਰ ਲਸ਼ਕੀਆ ਨੰਗੀਆਂ ਤਲਵਾਰਾਂ - ਭਵਨਦੀਪ ਸਿੰਘ ਪੁਰਬਾ
ਅੱਜ ਸਿੱਖਾਂ ਨੂੰ ਕੀ ਹੋ ਗਿਆ ਹੈ ਜੋ ਆਪਣੇ ਆਪ ਤੋਂ ਭੜਕ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਦਿੱਤੀ ਹੋਈ ਸਿੱਖਿਆ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦੇ ਮਹਾਵਾਕ ਨੂੰ ਅੱਖੋ ਪਰੋਖੇ ਕਰਕੇ ਦੇਹਧਾਰੀ ਗੁਰੂਆਂ ਦੇ ਮਗਰ ਭੱਜੇ ਫਿਰਦੇ ਹਨ। ਸਿੱਖਾਂ ਦੇ ਆਪਣੇ ਅਸਲੀ ਟਿਕਾਣੇ ਤੋਂ ਭਟਕ ਜਾਣ ਕਾਰਨ ਹੀ ਥਾਂ-ਥਾਂ ਡੇਰੇ ਬਣਦੇ ਜਾ ਰਹੇ ਹਨ। ਅੱਜ ਤਕਰੀਬਨ ਸੌ ਅਜਿਹੇ ਵੱਡੇ ਪੱਧਰ ਦੇ ਡੇਰੇ ਹਨ ਜਿੰਨ੍ਹਾਂ ਦੇ ਸਰਧਾਲੂਆਂ ਦੀ ਗਿਣਤੀ ਲੱਖਾਂ ਵਿਚ ਹੈ। ਡੇਰਿਆਂ ਦੀ ਇਨ੍ਹੀ ਗਿਣਤੀ ਤੇ ਡੇਰੇ ਦੇ ਸਰਧਾਲੂਆਂ ਦੀ ਅੰਨ੍ਹੀ ਸ਼ਰਧਾ ਹੀ ਸਿੱਧੇ-ਅਸਿੱਧੇ ਤੌਰ ਤੇ ਫਸਾਦਾਂ ਦੀ ਜੜ੍ਹ ਹੈ। ਅਨਪੜ੍ਹ ਤੇ ਰੂੜੀਵਾਦੀ ਸੋਚ ਦੇ ਧਾਰਨੀ ਲੋਕ ਆਪਣਾ ਭਲਾ-ਬੁਰਾ ਸੋਚੇ ਤੋਂ ਬਗੈਰ ਹੀ ਬਹੁਤ ਛੇਤੀ ਧਰਮ ਦੇ ਨਾਂ ਤੇ ਭਟਕ ਪੈਂਦੇ ਹਨ। ਮੰਤਰੀ ਲੋਕ ਆਪਣੇ ਵੋਟ ਬੈਂਕ ਕਾਰਨ ਡੇਰਿਆਂ ਨੂੰ ਬੜਾਵਾ ਦੇ ਰਹੇ ਹਨ। ਸਿੱਖ ਇਤਿਹਾਸ ਪੜ੍ਹਦਿਆਂ ਰੋਣਾ ਆਉਂਦਾ ਹੈ।
ਸਿੱਖ ਕੌਮ ਨੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਅਨੇਕਾਂ ਹੀ ਜਬਰ ਜ਼ੁਲਮ ਹੰਢਾਏ ਹਨ। ਅਨੇਕਾ ਹੀ ਕੁਰਬਾਨੀਆਂ ਦੇਣ ਤੋਂ ਬਾਅਦ ਸਿੱਖ ਕੌਮ ਹੋਂਦ ਵਿਚ ਆਈ ਹੈ ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਅੱਜ ਅਸੀਂ ਆਪਣੇ ਅਸਲ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਟੁੱਟ ਕੇ ਦੇਹਧਾਰੀ ਗੁਰੂਆਂ ਮਗਰ ਜਿਆਦਾ ਭੱਜਦੇ ਹਾਂ ਇਸੇ ਕਾਰਨ ਨਿੱਤ ਨਵਾਂ ਸਾਧ ਤੇ ਨਿੱਤ ਨਵੇਂ ਡੇਰੇ ਹੋਂਦ ਵਿਚ ਆਉਂਦੇ ਹਨ। ਡੇਰਿਆਂ ਦੀ ਵੱਧ ਰਹੀ ਪਾਵਰ ਪੰਜਾਬ ਨੂੰ ਸੁਧਾਰ ਨਹੀਂ ਰਹੀ ਸਗੋਂ ਵਿਨਾਸ ਵੱਲ ਲਿਜਾ ਰਹੀ ਹੈ।1978 ਵਿਚ ਨਿਰੰਕਾਰੀ ਦੇ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਜਿਸ ਦੇ ਵਿਰੋਧ ਵਿਚ ਸਿੱਖ ਭਾਈਚਾਰੇ ਵੱਲੋਂ ਸ਼ਾਂਤੀਪੂਰਵਕ ਰੋਸ ਮੁਜਾਹਰਾ ਕੀਤਾ ਗਿਆ ਸੀ। ਨਿਰੰਕਾਰੀਆਂ ਦੇ ਹਥਿਆਰਬੰਦ ਚੇਲਿਆਂ ਨੇ ਨਿਹੱਥੇ ਸਿੰਘਾਂ ਤੇ ਵਾਰ ਕਰਕੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਫਿਰ ਪੰਜਾਬ ਵਿਚ ਅਜਿਹੇ ਭਾਬੜ ਮੱਚੇ ਨਿਰੰਕਾਰੀਆਂ ਦਾ ਗੁਰੂ ਸਦਾ ਦੀ ਨੀਂਦ ਸੁਆ ਦਿੱਤਾ। ਪੰਜਾਬ ਵਿਚੋਂ ਨਿਰੰਕਾਰੀਆਂ ਦਾ ਨਾਮੋ-ਨਿਸ਼ਾਨ ਮਿੱਟ ਗਿਆ ਸੀ। ਪਰ ਉਸ ਸਮੇਂ ਜੋ ਨੰਗੀਆਂ ਤਲਵਾਰਾਂ ਲਿਸ਼ਕੀਆਂ ਉਸ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਦੇਣੀ ਪਈ ਸੀ।
ਕੁਝ ਸਮਾਂ ਪਹਿਲਾ ਭੁਨਿਆਰੇ ਵਾਲਾ ਬਾਬਾ ਹੋਂਦ ਵਿਚ ਆਇਆ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਆਪਣਾ ਹੀ ਗ੍ਰੰਥ ਛਾਪ ਦਿੱਤਾ ਪਰ ਬੜੀ ਸ਼ਰਮਨਾਕ ਗੱਲ ਹੈ ਕਿ ਸਮੇਂ ਦੀ ਸਰਕਾਰ ਵੀ ਉਸ ਬਾਬੇ ਵਿਰੁੱਧ ਕੁਝ ਨਾ ਕਰ ਸਕੀ। ਭੁਨਿਆਰੇ ਵਾਲੇ ਬਾਬੇ ਨੂੰ ਫਾਂਸੀ ਤੇ ਲਟਕਾਉਣ ਦੀ ਬਜਾਏ ਉਸ ਨੂੰ ਸੁਰੱਖਿਆ ਦੇ ਦਿੱਤੀ। ਜੇਕਰ ਉਦੋਂ ਭੁਨਿਆਰੇ ਵਾਲੇ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਂਦਾ ਤਾਂ ਹੋਰ ਕਿਸੇ ਸਾਧ ਨੇ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਅਜਿਹੀ ਘਿਨਾਉਣੀ ਹਰਕਤ ਕਰਨ ਦੀ ਹਿੰਮਤ ਨਹੀਂ ਸੀ ਕਰਨੀ।
ਫੇਰ ਡੇਰਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਆਪਣੀ ਦੌਲਤ-ਸ਼ੋਹਰਤ ਦੇ ਨਸ਼ੇ ਵਿਚ ਅੰਨ੍ਹਾ ਹੋ ਕੇ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਬਾਣਾ ਧਾਰਨ ਕਰਕੇ ਗੁਰੂ ਸਾਹਿਬ ਦੀ ਨਕਲ ਕਰਦੇ ਹੋਏ ਗੁਰੂ ਸਾਹਿਬ ਤੋਂ ਵਧ ਕੇ ਪੰਜ ਪਿਆਰਿਆਂ ਦੀ ਥਾਂ ਸੱਤ ਪ੍ਰੇਮੀਆਂ ਨੂੰ ਜਾਮ ਪਿਲਾਇਆ ਹੈ ਇਸ ਘਿਨਾਉਣੀ ਹਰਕਤ ਤੇ ਸਮੂਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣੀ ਸੁਭਾਵਕ ਹੀ ਸੀ ਸਰਸੇ ਵਾਲੇ ਸਾਧ ਵੱਲੋਂ ਆਪਣੀ ਕੀਤੀ ਗਲਤੀ ਤੇ ਮੁਆਫੀ ਮੰਗਣ ਦੀ ਬਜਾਏ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨ ਦੀ ਗੱਲ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। ਸਰਸੇ ਵਾਲਾ ਸ਼ਾਂਤੀ ਦੀ ਗੱਲ ਕਰਦਾ ਸੀ ਪਰ ਸ਼ਾਂਤੀ ਚਾਹੁੰਦਾ ਨਹੀਂ ਸੀ ਜੇਕਰ ਉਹ ਸ਼ਾਂਤੀ ਚਾਹੁੰਦਾ ਤਾਂ ਮੁਆਫੀ ਮੰਗ ਲੈਂਦਾ। ਪੰਜਾਬੀਆਂ ਦੇ, ਸਿੱਖ ਕੌਮ ਦੇ ਵਿਸ਼ਾਲ ਹਿਰਦਿਆਂ ਨੇ ਉਸ ਨੂੰ ਮਾਫ ਕਰ ਦੇਣਾ ਸੀ ਪਰ ਸੁਨਣ ਵਿਚ ਆਇਆ ਕਿ ਸਰਸੇ ਵਾਲੇ ਦਾ ਤਾਂ ਮਕਸਦ ਹੀ ਪੰਜਾਬ ਦਾ ਮਾਹੌਲ ਖਰਾਬ ਕਰਕੇ ਆਵਦੇਂ ਤੇ ਚੱਲ ਰਹੀ ਸੀ.ਬੀ.ਆਈ. ਦੀ ਜਾਂਚ ਵੱਲੋਂ ਲੋਕਾਂ ਦਾ ਧਿਆਨ ਹਟਾਉਣਾ ਸੀ ਇਨਾ ਦਿਨਾਂ ਵਿਚ ਡੇਰੇ ਤੇ ਚੱਲ ਰਹੇ ਕੇਸਾਂ ਸੰਬੰਧੀ ਸੀ.ਬੀ.ਆਈ. ਜਾਂਚ ਦੀ ਰਿਪੋਰਟ ਆਉਣੀ ਸੀ ਸਰਸੇ ਵਾਲੇ ਬਾਬੇ ਨੂੰ ਡਰ ਸੀ ਕਿ ਸੀ. ਬੀ. ਆਈ. ਦੀਆਂ ਰਿਪੋਰਟਾਂ ਉਸ ਦੇ ਖਿਲਾਫ ਹੋਣਗੀਆਂ। ਇਸੇ ਲਈ ਸਰਸੇ ਵਾਲੇ ਬਾਬੇ ਨੇ ਮਾਹੌਲ ਖਰਾਬ ਕਰਨ ਲਈ ਇਹ ਅਡਬੰਰ ਰਚਿਆ ਪਰ ਉਸ ਨੇ ਇਹ ਨਹੀਂ ਸੋਚਿਆ ਕਿ ਉਹ ਕੁਰਬਾਨੀਆਂ ਭਰੇ ਸਿੱਖ ਵਿਰਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਕਿਸ ਤਰ੍ਹਾਂ ਬਚ ਜਾਵੇਗਾ। ਪਰ ਉਸ ਸਮੇ ਪੰਜਾਬ ਵਿਚ ਨੰਗੀਆਂ ਤਲਵਾਰਾ ਲਿਸ਼ਕਣੀਆਂ ਦੁਆਰਾ ਸ਼ੁਰੂ ਹੋ ਗਈਆਂ ਸਨ।
ਅੱਜ ਵਿਆਨਾ ਕਾਂਡ ਦੇ ਕਾਰਨ ਪੰਜਾਬ ਵਿਚ ਫਿਰ ਨੰਗੀਆਂ ਤਲਵਾਰਾ ਲਿਸ਼ਕ ਪਈਆਂ । ਵਿਆਨਾ ਕਾਂਡ ਦੇ ਕਾਰਨ ਜੋ ਭਾਂਬੜ ਬਲ ਪਏ ਹਨ ਇਸਦਾ ਨੁਕਸਾਨ ਵੀ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਹੈ। ਬਾਬਾ ਰਾਮਾਨੰਦ ਜੀ ਦਾ ਕਤਲ ਤਾਂ ਅਸਟਰੀਆ ਵਿਚ ਹੋਇਆ। ਉਸਨੂੰ ਕਤਲ ਕਰਨ ਵਾਲੇ ਗ੍ਰਿਫ਼ਤਾਰ ਵੀ ਕਰ ਲਏ ਗਏ ਹਨ ਪਰ ਇਸ ਦੇ ਭਾਂਬੜ ਪੰਜਾਬ ਵਿਚ ਕਿਉਂ ਬਲ ਰਹੇ ਹਨ? ਪੰਜਾਬ ਦੇ ਆਮ ਲੋਕਾਂ ਦਾ ਕੀ ਕਸੂਰ ਹੈ? ਟਰੇਨਾਂ ਸਾੜਨੀਆਂ, ਬੱਸਾਂ ਸਾੜਨੀਆਂ, ਭੰਨਤੋੜ ਕਰਨੀ ਇਸ ਨਾਲ ਕੀ ਹੋ ਜਾਵੇਗਾ? ਭਗਤ ਰਵੀਦਾਸ ਮਹਾਰਾਜ ਜੀ ਨੇ ਤਾਂ ਇਹ ਸਿੱਖਿਆ ਨਹੀਂ ਦਿੱਤੀ ਕਿ ਕਰੇ ਕੋਈ ਤੇ ਭਰੇ ਕੋਈ ! ਨਿਰਦੋਸ ਲੋਕਾਂ ਦੇ ਸੱਟਾਂ ਫੇਟਾਂ ਮਾਰ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਂਨ ਕਰਕੇ, ਪੰਜਾਬ ਦੀ ਸੰਮਤੀ ਨੂੰ ਨਸਟ ਕਰਕੇ ਡੇਰਾ ਸੱਚਖੰਡ ਬਲਕਲਾਂ ਦੇ ਸਮਰਥਕ ਕੀ ਆਪਣੇ ਗੁਰੂ ਨੂੰ ਇਹ ਸ਼ਰਧਾਂਜਲੀ ਦੇ ਰਹੇ ਹਨ? ਇਹ ਹੁੱਲੜਬਾਜ਼ੀ ਕਰਨ ਵਾਲੇ ਅਨਸਰ ਬਲਕਲਾਂ ਵਾਲੇ ਮਹਾਰਾਜ ਦੀ ਬਨਾਈ ਸਵੀ ਨੂੰ ਵੀ ਖਰਾਬ ਕਰੀ ਜਾ ਰਹੇ ਹਨ। ਇਨ੍ਹਾਂ ਹੁੱਲੜਬਾਜ਼ੀ ਕਰਨ ਵਾਲੇ ਅਨਸਰਾਂ ਵਿੱਚੋਂ ਅੱ੍ਯਧਿਆਂ ਤੋਂ ਵੱਧ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕੇ ਘਟਨਾਂ ਕੀ ਹੋਈ ਹੈ। ਬਹੁਤ ਸਾਰੇ ਤਾਂ ਅਜ਼ਿਹੇ ਹੁੱਲੜਬਾਜ਼ ਹੀ ਇਸ ਭੀੜ ਵਿਚ ਰਲ ਗਏ ਹੋਣਗੇ ਜਿੰਨ੍ਹਾਂ ਦਾ ਇਸ ਡੇਰੇ ਨਾਲ ਕੋਈ ਨਾਤਾ ਵੀ ਨਹੀਂ ਹੋਣਾ ਪਰ ਇਸ ਭਟਕੀ ਭੀੜ ਨੂੰ ਕੌਣ ਸਮਝਾਵੇ। ਇਸ ਸਾਰੇ ਵਿਵਾਦ ਪਿੱਛੇ ਚਾਹੇ ਸਿਆਸਤ ਛੁਪੀ ਹੈ ਚਾਹੇ ਇਹ ਇਹ ਭਟਕੀ ਮਸਰੀ ਅਨਪੜ੍ਹ, ਗਵਾਰ ਤੇ ਲੋਟੋ ਟੋਲਿਆਂ ਦੇ ਆਪਣੇ ਕਾਰੇ ਹਨ ਇਸ ਦਾ ਹਰਜਾਨਾ ਤਾਂ ਪੰਜਾਬ ਨੂੰ ਭੁਗਤਨਾ ਪੈ ਰਿਹਾ ਹੈ।
ਗਲਤੀ ਪਤਾ ਨਹੀਂ ਕਿਸ ਦੀ ਹੈ, ਲਹੁ-ਲੁਹਾਨ ਤਾ ਆਖਿਰ ਪੰਜਾਬ ਹੋਇਆ।
ਚੰਗਾ ਭਲਾ ਵਸਦਾ ਸੀ ਪੰਜਾਬ, ਗਹਿਰੀ ਸਾਜ਼ਿਸ਼ ਦਾ ਇਹ ਸ਼ਿਕਾਰ ਹੋਇਆ।
ਇਥੇ ਅਮਨ ਅਮਾਨ ਲਈ ਕਰੋ ਕੋਸ਼ਿਸ਼, ਪਹਿਲਾਂ ਹੀ ਪੰਜਾਬ ਦਾ ਬਹੁਤ ਨੁਕਸਾਨ ਹੋਇਆ।
ਜੇਕਰ ਆਉਣ ਵਾਲੇ ਸਮੇਂ ’ਚ ਸਿੱਖ ਕੌਮ ਨੂੰ ਸਹੀ ਰਾਸਤਾ ਵਿਖਾਉਣ ਦੇ ਠੋਸ ਉਪਰਾਲੇ ਨਾ ਕੀਤੇ ਗਏ ਤਾਂ ਨਿੱਤ ਨਵੇਂ ਸਾਧ ਪੈਦਾ ਹੋਣਗੇ, ਨਿੱਤ ਨਵੇਂ ਡੇਰੇ ਬਨਣਗੇ ਜੋ ਸਿੱਧੇ ਅਸਿੱਧੇ ਦੰਗੇ ਫਸਾਦਾਂ ਦਾ ਕਾਰਨ ਬਣਿਆ ਕਰਨਗੇ ਤੇ ਪੰਜਾਬ ਵਿਚ ਹਮੇਸਾਂ ਨੰਗੀਆਂ ਤਲਵਾਰਾਂ ਲਸਕਦੀਆਂ ਰਹਿਣਗੀਆਂ।