ਵੀਆਨਾ ਘਟਨਾ ਉਪਰੰਤ ਉਤਪੰਨ ਹੋਏ ਹਾਲਾਤਾਂ, ਡੇਰਾਵਾਦ ਤੇ ਗੁਰੂਡੰਮ ਦੇ ਵੱਧਦੇ ਰੁਝਾਨ 'ਤੇ ਸਾਡਾ ਦ੍ਰਿਸ਼ਟੀਕੋਣ
ਹਿੰਦ ਹਕੂਮਤ 1947 ਤੋਂ ਹੀ ''ਡੇਰਾਵਾਦ, ਜਾਤ ਪਾਤ ਅਤੇ ਸਿੱਖਾਂ ਵਿੱਚ ਵੰਡੀਆਂ ਪਾਉਣ ਵਾਲੀਆਂ ਕਾਰਵਾਈਆਂ ਕਰਦੀ ਆ ਰਹੀ ਹੈ। ਡੇਰਾਵਾਦ ਨੂੰ ਪ੍ਰਫੁੱਲਿਤ ਕਰਕੇ ਹਿੰਦ ਹਕੂਮਤ ਦੀਆਂ ਏਜੰਸੀਆਂ ਨਫਰਤ ਵਧਾਉਣ ਵਾਲੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਕਰਦੀਆ ਆ ਰਹੀਆਂ ਹਨ। ਸਿੱਖ ਕੌਮ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸਨੂੰ ਸਿੱਖ ਕੌਮ ਦੀ ''ਮਿੰਨ੍ਹੀ ਪਾਰਲੀਆਮੈਂਟ'' ਦਾ ਨਾਮ ਵੀ ਦਿੱਤਾ ਜਾਂਦਾ ਹੈ, ਉਸ ਵੱਲੋਂ ਅਤੇ ਪੰਜਾਬ ਦੀ ਹਕੂਮਤ ਉੱਤੇ ਕਾਬਿਜ਼ ਬਾਦਲ ਦਲ ਵੱਲੋਂ ਧਰਮ ਦੇ ਪ੍ਰਚਾਰ ਕਰਨ ਦੀ ਮੁੱਖ ਜ਼ਿੰਮੇਵਾਰੀ ਨੂੰ ਛੱਡ ਦੇਣ ਦੀ ਕਾਰਵਾਈ ਵੀ ਡੇਰਾਵਾਦ ਅਤੇ ਜਾਤ ਪਾਤ ਨੂੰ ਉਭਾਰਨ ਲਈ ਜ਼ਿੰਮੇਵਾਰ ਹਨ। ਜਦੋਂ ਕਿ ਸਿੱਖ ਧਰਮ ਵਿੱਚ ਇਹਨਾਂ ਦੋਵਾਂ ਸਮਾਜਿਕ ਬੁਰਾਈਆਂ ਲਈ ਕੋਈ ਥਾਂ ਨਹੀਂ।
ਸਾਨੂੰ ਵੀਆਨਾ ਵਿਖੇ ਹੋਈ ਘਟਨਾ ਦਾ ਬੇਹੱਦ ਅਫਸੋਸ ਹੈ ਕਿ ਅਜਿਹੀ ਕਾਰਵਾਈ ਨਹੀਂ ਸੀ ਹੋਣੀ। ਪਰ ਇਸ ਹੋਈ ਦੁੱਖਦਾਈ ਘਟਨਾ ਦੇ ਬਦਲੇ ਵਜੋਂ ਜੋ ਪੰਜਾਬ ਵਿੱਚ ਸਾੜ ਫੁਕ, ਬੰਦ, ਜਾਨਲੇਵਾ ਹਮਲੇ ਅਤੇ ਆਮ ਜਨਜੀਵਨ ਨੂੰ ਠੱਪ ਕਰਕੇ ਸਰਕਾਰੀ ਜਾਇਦਾਦਾਂ ਦਾ ਨੁਕਸਾਨ ਕਰਨ ਦੀਆਂ ਕਾਰਵਾਈਆਂ ਨੂੰ ਵੀ ਸਹੀ ਕਰਾਰ ਨਹੀਂ ਦਿੱਤਾ ਜਾ ਸਕਦਾ। ਰੋਸ ਪ੍ਰਗਟ ਕਰਨ ਦਾ ਇਹ ਤਰੀਕਾ ਗਲਤ ਅਤੇ ਸਮਾਜ ਵਿਰੋਧੀ ਹੈ। ਫਿਰ ਫੌਜ ਅਤੇ ਪੁਲਿਸ ਦੀਆਂ ਅੱਖਾਂ ਸਾਹਮਣੇ ਖਾਲਿਸਤਾਨ ਦਾ ਪੁਤਲਾ ਫੁਕਣ ਦੀ ਕਾਰਵਾਈ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਿਰੁੱਧ ਨਾਅਰੇਬਾਜ਼ੀ ਕਰਨਾ ਹੋਰ ਵੀ ਭੜਕਾਊ ਅਤੇ ਦੁੱਖਦਾਇਕ ਹਨ। ਆਉਣ ਵਾਲੇ ਸਮੇਂ ਵਿੱਚ ਇਸਦੇ ਨਿਕਲਣ ਵਾਲੇ ਨਤੀਜੇ ਅਤਿ ਭਿਆਨਕ ਹੋਣਗੇ, ਜਿਸਦੀ ਸਿੱਧੀ ਜ਼ਿੰਮੇਵਾਰੀ ਹਿੰਦ ਹਕੂਮਤ ਅਤੇ ਬਾਦਲ ਦਲ ਦੀ ਹੋਵੇਗੀ। ਇੱਥੇ ਇਹ ਵਰਣਨ ਕਰਨਾ ਅਤਿ ਜ਼ਰੂਰੀ ਹੈ ਕਿ ਜਦੋਂ ਪੰਜਾਬ ਵਿੱਚ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਪ੍ਰਧਾਨ ਐਸ ਜੀ ਪੀ ਸੀ ਦਾ ਪੁਤਲਾ ਕਿਸੇ ਨੇ ਫੁਕਿਆ ਸੀ ਤਾਂ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਫੌਰੀ ਕਾਰਵਾਈ ਕਰਦੇ ਹੋਏ ਉਸਨੂੰ ਤਲਬ ਕੀਤਾ ਸੀ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸ਼੍ਰੀ ਮੱਕੜ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਖਾਲਿਸਤਾਨ ਤੋਂ ਉੱਪਰ ਹੋ ਗਏ ਜੋ ਕਿ ਹੁਣ ਇਹ ਜੱਥੇਦਾਰ ਸਾਹਿਬਾਨ ਚੁੱਪ ਧਾਰੀ ਬੈਠੇ ਹਨ? ਹੁਣ ਜੱਥੇਦਾਰ ਸਾਹਿਬਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੱਥੇ ਟਿਕਾਉਣ ਵਾਲੇ ਦੇਹਧਾਰੀਆਂ, ਸੰਤ ਜੀ ਅਤੇ ਖਾਲਿਸਤਾਨ ਦੇ ਵਿਰੁੱਧ ਕਾਰਵਾਈ ਕਰਨ ਵਾਲਿਆਂ ਨੂੰ ਤਲਬ ਕਿਉਂ ਨਹੀਂ ਕਰ ਰਹੇ? ਜਦੋਂ ਕਿ ਵੀਆਨਾ ਘਟਨਾ ਨਾਲ ਖਾਲਿਸਤਾਨੀਆਂ ਦਾ ਕੋਈ ਦੂਰ ਦਾ ਵੀ ਵਾਸਤਾ ਨਹੀਂ ਅਤੇ ਨਾ ਹੀ ਖਾਲਿਸਤਾਨੀ, ਜਾਤ-ਪਾਤ, ਊਚ-ਨੀਚ, ਅਮੀਰੀ-ਗਰੀਬੀ ਆਦਿ ਵਿਤਕਰੇ ਭਰੀ ਸੋਚ ਵਿੱਚ ਕੋਈ ਵਿਸ਼ਵਾਸ ਰੱਖਦੇ ਹਨ ਬਲਕਿ ਖਾਲਿਸਤਾਨੀ ਤਾਂ ਇਹਨਾਂ ਸਮਾਜਿਕ ਵਿਤਕਰੇ ਭਰੀਆਂ ਕਾਰਵਾਈਆਂ ਦੇ ਸਖਤ ਵਿਰੁੱਧ ਹਨ। ਉਹ ਤਾਂ ਗੁਰੂ ਸਾਹਿਬਾਨ ਦੀ ਬਰਾਬਰਤਾ ਦੀ ਸੋਚ ਉੱਤੇ ਆਧਾਰਿਤ ''ਬੇਗਮਪੁਰਾ ਸ਼ਹਿਰ ਕੋ ਨਾਉ'' 'ਤੇ ਆਧਾਰਿਤ ਇੱਕ ਅੱਛੇ ਸਮਾਜ ਦੀ ਸਿਰਜਣਾ ਕਰਨ ਲਈ ਉਤਾਵਲੇ ਹਨ ਜਿੱਥੇ ਕਿਸੇ ਵੀ ਧਰਮ, ਕੌਮ ਜਾਂ ਇਨਸਾਨ ਨਾਲ ਕੋਈ ਰਤੀ ਭਰ ਵੀ ਬੇਇਨਸਾਫੀ ਨਾ ਹੋ ਸਕੇ।
ਬਹੁਤ ਦੁੱਖ ਅਤੇ ਅਫਸੋਸ ਵਾਲੀ ਗੱਲ ਹੈ ਕਿ ਐਸ. ਜੀ. ਪੀ. ਸੀ., ਜਿਸਦਾ ਮੁੱਖ ਫਰਜ਼ ਧਰਮ ਪ੍ਰਚਾਰ ਨੂੰ ਸਿਖਰਾਂ ਤੇ ਲਿਜਾਉਣਾ ਅਤੇ ਜਾਤ-ਪਾਤ ਆਦਿ ਵਿਤਕਰੇ ਭਰੀਆਂ ਕਾਰਵਾਈਆਂ ਵਿਰੁੱਧ ਦ੍ਰਿੜਤਾ ਨਾਲ ਸਟੈਂਡ ਲੈਣਾ ਹੈ, ਉਸ ਵੱਲੋਂ ਦੋ ਦੋ ਗੁਰਦੁਆਰੇ, ਦੋ ਦੋ ਸ਼ਮਸਾਨਘਾਟਾਂ ਅਤੇ ਦੋ ਦੋ ਧਰਮ ਸ਼ਾਲਾਵਾਂ ਕਾਇਮ ਕਰਕੇ ਜਾਤ ਪਾਤ ਨੂੰ ਉਭਾਰਨ ਦੀ ਕਾਰਵਾਈ ਹੋਰ ਵੀ ਅਤਿ ਸ਼ਰਮਨਾਕ ਹੈ। ਜੇਕਰ ਸ਼ਹਿਰੀ ਸਿੱਖ, ਹਿੰਦੂਆਂ ਵੱਲੋਂ ਬਣਾਏ ਗਏ ਇੱਕ ਸਾਂਝੇ ਸ਼ਮਸਾਨਘਾਟ ਅਤੇ ਧਰਮਸ਼ਾਲਾਵਾਂ ਵਿੱਚ ਆਪਣੇ ਰਸਮੋ-ਰਿਵਾਜ਼ ਕਰਦੇ ਆ ਰਹੇ ਹਨ ਤਾਂ ਪਿੰਡਾਂ ਅਤੇ ਕਸਬਿਆਂ ਵਿੱਚ ਐਸ ਜੀ ਪੀ ਸੀ ਵੱਲੋਂ ਖੁਦ ਸਿੱਖਾਂ ਨੂੰ ਵੰਡਣ ਲਈ ਦੋ ਦੋ ਗੁਰਦੁਆਰੇ, ਦੋ ਦੋ ਧਰਮਸਾਲਾਵਾਂ ਅਤੇ ਦੋ ਦੋ ਸ਼ਮਸਾਨਘਾਟ ਕਿਉਂ ਕਾਇਮ ਕੀਤੇ ਜਾ ਰਹੇ ਹਨ? ਇਹਨਾਂ ਨੂੰ ਇੱਕ ਰੂਪ ਵਿੱਚ ਕਰਕੇ ਇਹ ਵਿਤਕਰੇ ਭਰੀਆਂ ਕਾਰਵਾਈਆਂ ਕਿਉਂ ਨਹੀਂ ਬੰਦ ਕੀਤੀਆਂ ਜਾ ਰਹੀਆਂ? ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਬ੍ਰਹਾਮਣਵਾਦੀ ਅਤੇ ਮੰਨੂਵਾਦੀ ਹਉੰਮੈ ਅਤੇ ਵਿਤਕਰੇ ਵਾਲੀ ਸੋਚ ਨੂੰ ਦ੍ਰਿੜਤਾ ਨਾਲ ਖਤਮ ਕਰਕੇ ਸਾਨੂੰ ਇੱਕ ਸਾਂਝੇ ਬਾਟੇ ਵਿੱਚੋਂ ਅੰਮ੍ਰਿਤ ਦੀ ਦਾਤਿ ਦੀ ਬਖਸ਼ਿਸ ਕਰਕੇ, ਸਭ ਭੇਦ - ਭਿੰਨ ਖਤਮ ਕਰ ਦਿੱਤੇ ਸਨ।
ਪਰ ਅਤਿ ਨਮੌਸ਼ੀ ਵਾਲੀ ਗੱਲ ਹੈ ਕਿ ਐਸ ਜੀ ਪੀ ਸੀ ਅਤੇ ਸਿੱਖ ਸਿਆਸਤ ਉੱਤੇ ਕਾਬਿਜ਼ ਬਾਦਲ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਹਾਮਣਵਾਦੀ ਅਤੇ ਮੰਨੂਵਾਦੀ ਸੋਚ ਦੇ ਗੁਲਾਮ ਬਣਕੇ, ਜਾਤ ਪਾਤ ਦੀ ਵੰਡੀਆਂ ਪਾਉਣ ਵਾਲੀ ਮਾਰੂ ਸੋਚ ਨੂੰ ਇਹਨਾਂ ਨੇ ਵਾਪਿਸ ਲੈ ਆਉਂਦਾ ਹੈ। ਸਿੱਖੀ ਸਿਧਾਂਤਾਂ ਅਤੇ ਮਰਿਯਾਦਾਵਾਂ ਨੂੰ ਤਹਿਸ ਨਹਿਸ ਕਰਕੇ ਡੇਰਿਆਂ ਉੱਤੇ ਜਾਣ ਦੀ ਕਵਾਇਦ ਨੇ ਸਿੱਖ ਸਿਆਸਤ ਨੂੰ ਗੰਧਲਾ ਕਰ ਦਿੱਤਾ ਹੈ। ਸਿਆਸੀ ਜਮਾਤਾਂ ਅਤੇ ਸਿਆਸੀ ਆਗੂਆਂ ਵੱਲੋਂ ਡੇਰਿਆਂ ਉੱਤੇ ਆਧਾਰਿਤ ਰਹਿ ਕੇ ਸਿਆਸਤ ਕਰਨੀ ਕਿਸੇ ਵੀ ਸਮਾਜ, ਕੌਮ ਲਈ ਕਦੀ ਵੀ ਲਾਹੇਵੰਦ ਸਾਬਿਤ ਨਹੀਂ ਹੋ ਸਕਦੀ। ਬਲਕਿ ਅਜਿਹੀ ਸਵਾਰਥੀ ਸਿਆਸਤ ਕਤਲੇਆਮ, ਦੰਗੇ-ਫਸਾਦ, ਅਗਜਨੀਆਂ, ਲੁੱਟ ਮਾਰ ਆਦਿ ਸਮਾਜ ਵਿਰੋਧੀ ਸੋਚ ਨੂੰ ਸੱਦਾ ਦਿੰਦੀ ਹੈ।
ਜਿੱਥੋਂ ਤੱਕ ਅਜਿਹੇ ਮੌਕਿਆਂ 'ਤੇ ਹਿੰਦੋਸਤਾਨੀ ਮੀਡੀਆ ਅਤੇ ਅਖਬਾਰਾਂ ਦੀ ਭੂਮਿਕਾ ਦਾ ਸਵਾਲ ਆਉਂਦਾ ਹੈ ਕਿ ਇਹ ਹੋਰ ਵੀ ਨਮੌਸ਼ੀਜਨਕ ਅਤੇ ਗੈਰ ਜਿੰਮੇਵਾਰਾਨਾ ਬਣਦੀ ਜਾ ਰਹੀ ਹੈ ਕਿਉਂਕਿ ਹਿੰਦੋਸਤਾਨੀ ਮੀਡੀਆ ਤੇ ਅਖਬਾਰਾਂ ਗੁਰੂਡੰਮ ਅਤੇ ਜਾਤ-ਪਾਤ ਦੀ ਸੋਚ ਨੂੰ ਉਭਾਰਨ ਅਤੇ ਸਿੱਖ ਕੌਮ ਵਿੱਚ ਵੰਡੀਆ ਪਾਉਣ ਲਈ ਆਪਣੀ ਕਲਮ ਅਤੇ ਵਿਜ਼ਨ ਦੀ ਦੁਰਵਰਤੋਂ ਕਰਦੀ ਆ ਰਹੀ ਹੈ ਜੋ ਕਿ ਬਲਦੀ ਉੱਤੇ ਤੇਲ ਪਾਉਣ ਦੀ ਸਮਾਜ ਵਿਰੋਧੀ ਕਾਰਵਾਈ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ, ਖਾਲਿਸਤਾਨ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਿਰੁੱਧ ਹੋਣ ਵਾਲੀ ਕਿਸੇ ਵੀ ਕਾਰਵਾਈ ਨੂੰ ਅਤੇ ਲੱਗ ਰਹੇ ਕਿਸੇ ਵੀ ਸ਼ਾਜਿਸੀ ਨਾਅਰੇ ਨੂੰ ਕਤਈ ਬਰਦਾਸ਼ਿਤ ਨਹੀਂ ਕਰੇਗਾ ਅਤੇ ਨਾ ਹੀ ਇੱਥੇ ਗੁਰੂਡੰਮ, ਡੇਰਾਵਾਦ ਅਤੇ ਜਾਤ-ਪਾਤ ਨੂੰ ਉਭਾਰਨ ਦੀ ਗੱਲ ਨੂੰ ਸਹਿਣ ਕਰੇਗਾ। ਜੋ ਹਿੰਦ ਹਕੂਮਤ ਅਤੇ ਬਾਦਲ ਦਲ ਵੱਲੋਂ ਰੰਘਰੇਟੇ ਸਿੱਖਾਂ ਅਤੇ ਸਿੱਖਾਂ ਵਿੱਚ ਵਿਤਕਰੇ ਪਾ ਕੇ ਨਫਰਤ ਵਧਾਉਣ ਦੀ ਕੌਸ਼ਿਸ ਕੀਤੀ ਜਾ ਰਹੀ ਹੈ, ਇਸਨੂੰ ਬਿਲਕੁਲ ਕਾਮਯਾਬ ਨਹੀਂ ਹੋਣ ਦੇਵੇਗਾ ਅਤੇ ਨਾ ਹੀ ਪਿੰਡਾਂ ਅਤੇ ਕਸਬਿਆਂ ਵਿੱਚ ਦੋ ਦੋ ਗੁਰਦੁਆਰੇ, ਦੋ ਦੋ ਧਰਮਸ਼ਾਲਾਵਾਂ ਅਤੇ ਦੋ ਦੋ ਸ਼ਮਸਾਨਘਾਟਾਂ ਦੀ ਗੱਲ ਨੂੰ ਸਿਰੇ ਚੜਨ ਦੇਵੇਗਾ। ਅਸੀਂ ਹਰ ਖੇਤਰ ਵਿੱਚ ਸਿੱਖ ਕੌਮ ਨੂੰ ਇਕੱਤਰ ਰੱਖਣ ਹਿੱਤ ਇੱਕ ਇੱਕ ਗੁਰਦੁਆਰਾ, ਇੱਕ ਇੱਕ ਸ਼ਮਸਾਨਘਾਟ ਅਤੇ ਇੱਕ ਇੱਕ ਧਰਮਸ਼ਾਲਾ ਬਣਾਉਣ ਲਈ ਵਚਨਬੱਧ ਹਾਂ।
ਇਹ ਸਾਡਾ ਤਜ਼ਰਬਾ ਹੈ ਕਿ ਡੇਰਾਵਾਦ, ਗੁਰੂਡੰਮ ਅਤੇ ਸਿੱਖ ਕੌਮ ਵਿਚਕਾਰ ਇਸ ਕਰਕੇ ਝਗੜੇ ਹੋ ਰਹੇ ਹਨ ਕਿਉਂਕਿ ਡੇਰੇ ਵਾਲੇ ਕਦੀ ਸਿੱਖ ਗੁਰੂ ਸਾਹਿਬਾਨ ਨਾਲ ਆਪਣੀ ਤੁਲਨਾ ਕਰਕੇ, ਉਹਨਾਂ ਦੀ ਤਰ੍ਹਾ ਬਾਦਸ਼ਾਹੀਆਂ ਵਾਲੀਆਂ ਪੁਸ਼ਾਕਾਂ ਪਹਿਣਦੇ ਹਨ ਜਿਵੇਂ ਸਿਰਸੇ ਵਾਲੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਕਲ ਕਰਨ ਦੀ ਬੱਜਰ ਗੁਸਤਾਖੀ ਕੀਤੀ ਸੀ। ਕਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਸਦੀ ਕਿਸੇ ਨੂੰ ਇੱਕ ਲੱਗ-ਮਾਤਰ ਵੀ ਤਬਦੀਲ ਕਰਨ ਦਾ ਹੱਕ ਨਹੀਂ, ਉਸਦੀ ਆਪਣੀ ਸੋਚ ਅਨੁਸਾਰ ਅਰਥ ਤੇ ਵਿਆਖਿਆ ਕਰਕੇ ਸਿੱਖ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਜਿਵੇਂ ਨਿਰੰਕਾਰੀ ਡੇਰੇ ਨੇ ਹਿੰਦ ਹਕੂਮਤ ਦੇ ਆਦੇਸ਼ਾਂ 'ਤੇ ਅਜਿਹਾ ਕਰਕੇ ਸਿੱਖ ਕੌਮ ਨੂੰ ਚੁਣੌਤੀ ਦੇਣ ਦੀ ਗੁਸਤਾਖੀ ਕੀਤੀ ਸੀ। ਹੁਣ ਜੋ ਸੱਚਖੰਡ ਬੱਲਾਂ ਡੇਰੇ ਦਾ ਵਿਵਾਦ ਉਠਿਆ ਹੈ, ਇਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂਡੰਮ ਦੇ ਸਿਘਾਸਣ ਲਾ ਕੇ ਮੱਥੇ ਟਿਕਾਉਣ ਦੀ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਅਤੇ ਬਾਣੀ ਦੀ ਗਲਤ ਵਿਆਖਿਆ ਕਰਨ ਦੀ ਸ਼ਾਜਿਸੀ ਕਾਰਵਾਈ ਦੀ ਬਦੌਲਤ ਹੀ ਉਠਿਆ ਹੈ। ਅਮਨ-ਚੈਨ ਚਾਹੁਣ ਵਾਲੀਆਂ ਤਾਕਤਾਂ ਜੋ ਅੱਜ ਮੀਡੀਏ ਅਤੇ ਅਖਬਾਰਾਂ ਵਿੱਚ ਇਸਦੀ ਦੁਹਾਈ ਦੇ ਰਹੀਆਂ ਹਨ, ਉਹ ਅਜਿਹੀਆਂ ਸਿੱਖ ਕੌਮ ਦੀ ਹੇਠੀ ਕਰਨ, ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਅਤੇ ਉਹਨਾਂ ਦੇ ਈਸ਼ਟ ਦੀ ਤੌਹੀਨ ਕਰਨ ਦੀਆਂ ਕਾਰਵਾਈਆਂ ਨੂੰ ਰੋਕਣ ਲਈ ਅਮਲੀ ਕਾਰਵਾਈ ਕਿਉਂ ਨਹੀਂ ਕਰਦੀਆਂ? ਸਿੱਖ ਕੌਮ ਜੋ ਰੋਜ਼ਾਨਾ ਦੋਵੇ ਸਮੇਂ ''ਸਰਬੱਤ ਦਾ ਭਲਾ'' ਲੋੜਦੀ ਹੈ ਅਤੇ ਹਰ ਤਰ੍ਹਾ ਦੇ ਜ਼ਬਰ ਜੁਲਮ ਅਤੇ ਬੇਇਨਸਾਫੀ ਵਿਰੁੱਧ ਆਪਣੀ ਕੁਰਬਾਨੀ ਦੇਣ ਲਈ ਪਹਿਲੀ ਕਤਾਰ ਵਿੱਚ ਖਲੌਤੀ ਹੁੰਦੀ ਹੈ, ਉਸ ਵਿਰੁੱਧ ਅਤੇ ਖਾਲਿਸਤਾਨ ਵਿਰੁੱਧ ਹੋਣ ਵਾਲੇ ਸ਼ਾਜਿਸੀ ਪ੍ਰਚਾਰ ਨੂੰ, ਇਹ ਅਮਨ ਚੈਨ ਚਾਹੁਣ ਵਾਲੇ ਲੋਕ ਕਿਉਂ ਨਹੀਂ ਰੋਕਦੇ?
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਿੰਦੋਸਤਾਨ ਦੇ ਹੁਕਮਰਾਨਾਂ ਅਤੇ ਇੱਥੋਂ ਦੇ ਪੱਖਪਾਤੀ ਬਹੁਗਿਣਤੀ ਦਾ ਹੱਕ ਪੂਰਨ ਵਾਲੇ ਮੀਡੀਏ ਨੂੰ ਇਹ ਸਪੱਸ਼ਟ ਕਰਦਾ ਹੈ ਕਿ ਸਾਡਾ ਕਿਸੇ ਵੀ ਕੌਮ, ਧਰਮ, ਫਿਰਕੇ ਆਦਿ ਨਾਲ ਕਿਸੇ ਤਰ੍ਹਾ ਦਾ ਵੀ ਵੈਰ-ਵਿਰੋਧ ਨਹੀਂ ਹੈ। ਲੇਕਿਨ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਖਾਲਿਸਤਾਨ ਦੇ ਸੱਚੇ ਸੁੱਚੇ ਸਤਿਕਾਰਿਤ ਨਾਵਾਂ ਅਤੇ ਮਿਸ਼ਨ ਵਿਰੁੱਧ ਕੀਤੇ ਜਾਣ ਵਾਲੇ ਕਿਸੇ ਵੀ ਪ੍ਰਚਾਰ ਨੂੰ ਬਰਦਾਸ਼ਿਤ ਨਹੀਂ ਕਰਾਂਗੇ ਅਤੇ ਨਾ ਹੀ ਹਿੰਦ ਹਕੂਮਤ ਅਤੇ ਉਸਦੀਆਂ ਏਜੰਸੀਆਂ ਨੂੰ ਰੰਘਰੇਟੇ ਸਿੱਖਾਂ ਅਤੇ ਸਿੱਖਾਂ ਵਿੱਚ ਨਫਰਤ ਉਤਪੰਨ ਕਰਨ ਵਾਲੀਆਂ ਕਾਰਵਾਈਆਂ ਕਰਨ ਦੀ ਇਜ਼ਾਜਤ ਦੇਵਾਂਗੇ।
ਸਿੱਖਾਂ ਦੀ ਕਾਲੀ ਸੂਚੀ ਬਾਰੇ ਸਾਰੀਆਂ ਧਿਰਾਂ ਖਾਮੋਸ਼ ਕਿਉਂ - ਮਾਨ
ਜਲੰਧਰ, 5 ਸਤੰਬਰ (ਐੱਚ. ਐੱਸ. ਬਾਵਾ)- ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਕਾਲੀ ਸੂਚੀ ਬਾਰੇ ਵੱਖ-ਵੱਖ ਧਿਰਾਂ ਦੀ ਖ਼ਾਮੋਸ਼ੀ ਬਹੁਤ ਹੀ ਦੁਖ਼ਦਾਈ ਅਤੇ ਫ਼ਿਕਰ ਵਾਲੀ ਗੱਲ ਹੈ।
ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ: ਮਾਨ ਨੇ ਕਿਹਾ ਕਿ ਇਸ ਮਾਮਲੇ 'ਤੇ ਤਖ਼ਤਾਂ ਦੇ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੀ ਸਿੱਖ ਪ੍ਰਧਾਨ ਮੰਤਰੀ ਦੇ ਨਾਂਅ 'ਤੇ ਵੋਟ ਮੰਗੀ ਹੈ ਪਰ ਸਿੱਖਾਂ ਦੀ ਕਾਲੀ ਸੂਚੀ ਬਾਰੇ ਉਹ ਵੀ ਖਾਮੋਸ਼ ਹੈ। ਹਿੰਦੂਆਂ ਅਤੇ ਸਿੱਖਾਂ ਵਿਚ ਨਹੁੰ-ਮਾਸ ਦਾ ਰਿਸ਼ਤਾ ਦੱਸਦੀ ਭਾਜਪਾ ਵੀ ਇਸ ਮਸਲੇ 'ਤੇ ਚੁੱਪ ਹੈ।
ਸ: ਮਾਨ ਨੇ ਕਿਹਾ ਕਿ ਵਿਸ਼ਵ ਭਰ ਵਿਚ ਕਿਸੇ ਫ਼ਿਰਕੇ ਦੀ ਕਾਲੀ ਸੂਚੀ ਨਹੀਂ ਹੈ ਪਰ ਸਿੱਖਾਂ ਦੀ ਕਾਲੀ ਸੂਚੀ ਬਣਾ ਕੇ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੀ ਕੌਮ ਨਾਲ ਹੁੰਦੇ ਧੱਕੇ ਕਾਰਨ ਰੋਸ ਪ੍ਰਗਟਾਉਣ ਵਾਲੇ ਸਿੱਖਾਂ ਦੀਆਂ ਕਾਲੀ ਸੂਚੀ ਬਣਾ ਕੇ ਉਨ੍ਹਾਂ ਦੇ ਦੇਸ਼ ਆਉਣ 'ਤੇ ਪਾਬੰਦੀਆਂ ਲਗਾਉਣ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਠਹਿਰਾਇਆ ਜਾ ਸਕਦਾ। ਸ: ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ.ਚਿਦੰਬਰਮ 'ਤੇ ਹੱਲਾ ਬੋਲਦਿਆਂ ਕਿਹਾ ਕਿ ਸ੍ਰੀ ਚਿਦੰਬਰਮ ਦੀ 1984 ਦੇ ਸਿੱਖ ਕਤਲੇਆਮ ਵਿਚ ਅਹਿਮ ਭੂਮਿਕਾ ਰਹੀ ਹੈ ਅਤੇ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਨੂੰ ਵੀ ਵੀਜ਼ੇ ਤੋਂ ਇਨਕਾਰ ਕਰ ਦੇਵੇ ਜਿਵੇਂ ਉਸਨੇ ਨਰਿੰਦਰ ਮੋਦੀ ਨੂੰ ਵੀਜ਼ੇ ਤੋਂ ਇਨਕਾਰ ਕੀਤਾ ਸੀ।
ਭਾਈਂ ਦਲਜੀਤ ਸਿੰਘ ਬਿੱਟੂ ਨੂੰ ਪੁਲਿਸ ਵੱਲੋਂ ਫ਼ੜੇ ਜਾਣ 'ਤੇ ਟਿੱਪਣੀ ਕਰਦਿਆਂ ਸ: ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੀ ਪਾਰਟੀ ਨੂੰ ਤੋੜਨ ਲਈ ਜਿਨ੍ਹਾਂ ਦਾ ਇਸਤੇਮਾਲ ਕੀਤਾ ਉਨ੍ਹਾਂ ਹੀ ਆਗੂਆਂ ਨੂੰ ਪੁਲਿਸ ਰਾਹੀਂ ਗ੍ਰਿਫ਼ਤਾਰ ਕਰਵਾਉਣ ਦੀ ਤੁੱਕ ਸਮਝ ਨਹੀਂ ਆਉਂਦੀ। ਪਾਰਟੀ ਦੀ ਯੂ.ਕੇ. ਇਕਾਈ ਦੇ ਪ੍ਰਧਾਨ ਸ: ਗੁਰਦਿਆਲ ਸਿੰਘ ਅਟਵਾਲ ਨੇ ਕਿਹਾ ਕਿ ਪੰਜਾਬ ਵਿਚ ਰਾਜਸੀ ਆਗੂਆਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਨਸ਼ੇ ਦਾ ਕਾਰੋਬਾਰ ਹੋਣਾ ਬਹੁਤ ਹੀ ਮੰਦਭਾਗਾ ਹੈ।
ਇਸ ਮੌਕੇ ਉਨ੍ਹਾਂ ਦੇ ਸੀ: ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ, ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ, ਜਨਰਲ ਸਕੱਤਰ ਸ: ਗੁਰਿੰਦਰ ਪਾਲ ਸਿੰਘ ਧਨੌਲਾ, ਸ: ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ: ਅਨੂਪ ਸਿੰਘ ਸੰਧੂ, ਸ: ਸੁਰਜੀਤ ਸਿੰਘ ਕਾਲਾ ਅਫ਼ਗਾਨਾ, ਸ: ਰਜਿੰਦਰ ਸਿੰਘ ਫ਼ੌਜੀ, ਸ: ਜਸਵੰਤ ਸਿੰਘ ਚੀਮਾ, ਸ: ਮਨਜੀਤ ਸਿੰਘ ਰੇਰੂ, ਸ: ਰਵਿੰਦਰ ਸਿੰਘ ਲਾਡੀ, ਸ: ਬਲਵਿੰਦਰ ਸਿੰਘ ਖਾਲਸਾ, ਸ: ਗੁਰਮੀਤ ਸਿੰਘ ਔਲਖ, ਸ: ਅਵਤਾਰ ਸਿੰਘ ਉੱਪਲ, ਸ: ਸਰਬਜੀਤ ਸਿੰਘ ਬਜੂਹਾ, ਸ: ਸੁਰਜੀਤ ਸਿੰਘ ਖਾਲਸਾ, ਸ: ਬਲਬੀਰ ਸਿੰਘ ਕੁੰਡੇ ਅਤੇ ਸ: ਜਸਬੀਰ ਸਿੰਘ ਸ਼ੇਰਾ ਹਾਜ਼ਰ ਸਨ।