ਸਿੱਖ ਕੌਮ ਵੱਖ ਵੱਖ ਜਾਤੀਆਂ ਦਾ ਇਕ ਗੁਲਦਸਤਾ ਹੈ - ਜਸਪਾਲ ਸਿੰਘ ਬੈਂਸ
ਡਾ ਅੰਬੇਦਗਰ ਵੈਲਫ਼ੇਅਰ ਸੁਸਾਇਟੀ ਇਟਲੀ ਵਲੋਂ ਕੀਤੇ, ਇਕ ਸਮਾਗਮ ਵਿੱਚ ਕਨੇਡਾ ਦੀ ਰਹਿਣਵਾਲੀ ਬੀਬੀ ਕਮਲੇਸ਼ ਅਹੀਰ ਨੇ ਆਪਣੇ ਭਾਸ਼ਨ ਦੁਰਾਨ ਸਿੱਖ ਧਰਮ ਅਤੇ ਖਾਲਸਾ ਪੰਥ ਤੇ ਗੰਭੀਰ ਹਮਲਾ ਕਰਦਿਆਂ, ਗੁਰੁ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਜੀ ਦੇ ਸਿਧਾਂਤ ਸਿੱਖੀ ਨੂੰ ਭਗਤ ਰਵੀਦਾਸ ਜੀ ਮਾਹਾਰਾਜ ਅਤੇ ਬੋਧੀ ਧਰਮ ਦਾ ਮਿਲਗੋਬਾ ਦਸਿਆ ਹੈ।
ਦੁਨੀਆਂ ਦੇ ਸਾਰੇ ਧਰਮ ਹੀ ਸਤਿਕਾਰ ਦੇ ਪਾਤਰ ਹਨ। ਅਸੀ ਮਨੁਖ ਕਿਸੇ ਵੀ ਧਰਮ ਤੋਂ ਚੰਗਾ ਗ੍ਰਹਿਣ ਕਰਕੇ ਚੰਗਾ ਜੀਵਨ ਬਤੀਤ ਕਰ ਸਕਦੇ ਹਾਂ। ਜਿਸ ਨਾਲ ਸਾਡੇ ਗੁਆਂਢੀਆਂ ਨੂੰ ਵੀ ਸਾਡੇ ਜੀਵਨ ਰਾਹ ਤੋਂ ਖੁਸ਼ਬੂਅ ਆ ਸਕੇ। ਫ਼ਿਰ ਸਿੱਖ ਧਰਮ ਤਾਂ ਸਰਬੱਤ ਦੇ ਭਲੇ ਦਾ ਧਰਮ ਹੈ। ਇਸ ਨੇ ਗਰੀਬ ਅਤੇ ਨਿਤਾਣੇ ਦੀ ਰਖਿਆ ਕਰਨੀ ਹੈ। ਸਿੱਖ ਇਤਿਹਾਸ ਇਸ ਦੀਆਂ ਅਨੇਕਾਂ ਉਦਾਹਰਣਾ ਨਾਲ ਭਰਿਆ ਪਿਆ ਹੈ।
ਇਸ ਨੇ ਨਾ ਕਦੇ ਕਿਸੇ ਤੇ ਜੁਲਮ ਕੀਤਾ ਹੈ ਅਤੇ ਨਾ ਹੀ ਜੁਲਮ ਸਹਿਆ ਹੈ। ਆਪਣੀ ਖੁਸ਼ੀ ਵਿੱਚ ਤਾਂ ਇਹ ਆਪਣਾ ਸਰਬੰਸ ਤੱਕ ਕੁਰਬਾਨ ਕਰ ਸਕਦਾ ਹੈ। ਪਰ ਜਦੋਂ ਜਾਲਮ ਜੁਲਮ ਕਰਦਾ ਹਟਦਾ ਨਹੀ, ਤਾਂ ਇਸ ਦੀ ਕ੍ਰਿਪਾਨ ਤਿੱਖੀ ਹੋ ਜਾਂਦੀ ਹੈ। ਫ਼ਿਰ ਜਿਵੇਂ ਅਠਾਰਵੀ ਸਦੀ ਵਿੱਚ ਅਤੇ ਹੁਣੇ ਹੀ ਵੀਹਵੀ ਸਦੀ ਦੇ ਅਖੀਰ ਵਿੱਚ ਇਸ ਨੂੰ ਕੁਝ ਕਰਨ ਲਈ ਸਮੇਂ ਦੇ ਗਲਤ ਲੋਕ ਵੰਗਾਰ ਪਾ ਬੈਠਦੇ ਹਨ। ਜਿਸ ਦਾ ਨਤੀਜਾ ਤਬਾਹੀ ਵੀ ਹੋ ਸਕਦਾ ਹੈ। ਅਤੇ ਰਾਜਸੀ ਖਿਚੋਤਾਣ ਵੀ।
ਇਸ ਇਟਲੀ ਵਾਲੇ ਯੂ ਟਿਉਬ ਫ਼ੰਕਸ਼ਨ ਦੀਆਂ ਟੇਪਾਂ ਵਿੱਚ ਬੀਬੀ ਕਮਲੇਸ਼ ਤੋਂ ਇਲਾਵਾ ਕਿਸੇ ਗੁਮਨਾਮ ਕਵੀ ਨੇ ਕਿਹਾ ਹੈ ਕਿ ਇੰਦਰਾ ਮਹਾਨ ਸੀ। ਜਿਸ ਨੇ ਗੰਦੇ ਸਿੰਘਾਂ ਨੂੰ ਸਬਕ ਸਿਖਾਇਆ ਹੈ। ਪਰ ਕਵੀ ਜੀ ਕਿੰਨੇ ਹੋਛੇ ਅਤੇ ਬੇਵਕੂਫ਼ ਸਾਬਤ ਹੋਏ ਹਨ, ਜਿਸ ਨੂੰ ਅਸਲੀਅਤ ਸਮਝ ਹੀ ਨਹੀ ਆਈ। ਅਜਿਹੇ ਫ਼ਿਰਕੂ ਸੋਚ ਵਾਲੇ ਕਵੀ ਸਮਾਜ ਦਾ ਵਿਗਾੜ ਬਹੁਤ ਕੁਝ ਸਕਦੇ ਹਨ। ਪਰ ਸੁਆਰ ਕੁਝ ਨਹੀ ਸਕਦੇ। ਇੰਦਰਾ ਇਕ ਲੋਕਤੰਤਰ ਦੇਸ ਦੀ ਪ੍ਰਧਾਨ ਮੰਤਰੀ ਸੀ। ਨਾ ਕਿ ਕੋਈ ਮਾਹਰਾਣੀ! ਜਿਸ ਨੇ ਤਲਵਾਰ ਦੇ ਜੋਰ ਨਾਲ ਮੱਧ ਯੁੱਗ ਵਿੱਚ ਆਪਣਾ ਰਾਜ ਬਣਾਇਆ ਸੀ। ਤੇ ਉਥੇ ਕਿਸੇ ਹੋਰ ਧਰਮ ਦਾ ਸਮਾਜ ਰਹਿ ਨਹੀ ਸੀ ਸਕਦਾ। ਇੰਦਰਾ ਲੋਕਤੰਤਰ ਦੇਸ਼ ਵਿੱਚ ਲੋਕ ਵੋਟਾਂ ਦੇ ਅਧਾਰ ਤੇ ਪ੍ਰਧਾਨ ਮੰਤਰੀ ਬਣੀ ਸੀ। ਇਸ ਕਰਕੇ ਉਸ ਨੂੰ ਹਰੇਕ ਧਰਮ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਸੀ। ਪਰ ਅਜਿਹਾ ਹੋ ਨਾ ਸਕਿਆ। ਸਗੋਂ ਲੋਕਾਂ ਦੇ ਵਿਸ਼ਵਾਸ ਨੂੰ ਤੋੜ ਕੇ ਫ਼ਿਰਕਾਪ੍ਰਸਤੀ ਦੀ ਖੇਡ ਖੇਡੀ। ਜਿਸ ਦਾ ਖਮਿਆਜ਼ਾ ਉਸ ਨੇ, ਪੰਜਾਬ ਨੇ ਅਤੇ ਹਿੰਦੋਸਤਾਨ ਨੇ ਭੁਗਤਿਆ। ਹਜਾਰਾਂ ਗਰੀਬ ਇਨਸਾਨ ਸਰਕਾਰੀ ਅਤੇ ਗੈਰ ਸਰਕਾਰੀ ਦਹਿਸ਼ਤ ਸਮੇਂ ਮਾਰੇ ਗਏ। ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ। ਪਰ ਖਟਿਆ ਕੁਝ ਨਾ।
ਇੰਦਰਾ ਦੀ ਮੌਤ ਉਪਰੰਤ, ਕਾਂਗਰਸ ਦੇ ਲੀਡਰਾਂ ਨੇ ਦਿਲੀ ਵਿੱਚ ਅਣਭੋਲ ਸਿੱਖਾਂ ਨੂੰ ਇਸ ਕਰਕੇ ਮਾਰ ਮਕਾਇਆ ਕਿ ਉਹ ਸ਼ਕਲ ਸੂਰਤ ਤੋਂ ਸਿੱਖ ਸਨ। ਅਜਿਹੀ ਦਰਿੰਦਗੀ ਹਿੰਦੋਸਤਾਨ ਦੇ ਇਤਿਹਾਸ ਵਿੱਚ ਖਾਸ ਕਰਕੇ ਦਿੱਲੀ ਦੇ ਇਤਿਹਾਸ ਵਿੱਚ ਅਹਿਮਦ ਸ਼ਾਹ ਦੁਰਾਂਨੀ ਦੇ ੧੭੩੯ ਵਾਲੇ ਕਤਲੇਆਮ ਨਾਲ ਹੀ ਜੋੜੀ ਜਾ ਸਕਦੀ ਹੈ। ਪਰ ਦੁਰਾਨੀ ਨੇ ਸਾਰੇ ਦਿਲੀ ਨਿਵਾਸੀਆਂ ਦੇ ਕਤਲ ਦਾ ਹੁਕਮ ਦਿੱਤਾ ਸੀ। ਜਿਸ ਵਿੱਚ ਮੁਸਲਮਾਨ ਹਿੰਦੂ ਦੋਵੇ ਸ਼ਾਮਲ ਸਨ। ਪਰ ਕਾਗਰਸ ਤਾਂ ਇਸ ਜੁਲਮ ਵਿੱਚ ਅਠਾਰਵੀ ਸਦੀ ਦੇ ਇਸ ਕਤਲੇਆਮ ਨੂੰ ਵੀ ਮਾਤ ਪਾ ਗਈ ਸੀ। ਕਵੀ ਸਾਹਿਬ ਕਾਂਗਰਸ ਦੇ ਮੈਂਬਰ ਹੀ ਹੋ ਸਕਦੇ ਹਨ। ਜੋ ਸਿੰਘਾ ਦੀ ਹਿੰਦ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਭੁਲਕੇ ਬ੍ਰਾਹਮਣਵਾਦ ਦਾ ਬੀਜ ਬੀਜਣ ਲਈ ਲੋਕਾਂ ਨੂੰ ਖਾਸ ਕਰਕੇ ਸਾਡੇ ਸਮਾਜ ਦੇ ਗਰੀਬ ਨਿਤਾਣੇ ਅਤੇ ਸਦੀਆਂ ਤੋਂ ਅਖੌਤੀ ਉਚ ਜਾਤੀਆਂ ਦਾ ਸ਼ਿਕਾਰ ਬਣਦੇ ਆ ਰਹੇ, ਵਿਚਾਰੇ ਦਲਿਤਾਂ ਨੂੰ ਭੜਕਾ ਕੇ ਦੁਬਾਰਾ ਖਰਾਬ ਕਰਨਾ ਚਾਹੁੰਦੇ ਹਨ।
ਜਿਸ ਦੀ ਤਾਜਾ ਉਦਾਹਰਣ ਹੁਣੇ ਜਲੰਧਰ ਅਤੇ ਦੁਆਬਾ ਰੀਜ਼ਨ ਦੇ ਹੋਰ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿੱਚ ਇਕੱਲੇ ਜੱਟਾਂ ਦੇ ਬਿਜਨਿਸ਼ਜ਼ ਨੂੰ ਜਾਲਣ ਨਾਲ ਦਿੱਤੀ ਹੈ। ਸਭ ਨੂੰ ਪਤਾ ਹੈ ਕਿ ਵਿਆਨਾ ਵਿੱਚ ਸੰਤਾਂ ਦੇ ਕਤਲ ਵਿੱਚ ਦਲਿਤ ਸਿੱਖ ਵੀ ਸ਼ਾਮਲ ਸਨ। ਹਾਲੇ ਇਹ ਤਾਂ ਪਤਾ ਨਹੀ ਲੱਗਾ ਕਿ ਜੱਟ ਕਿੰਨੇ ਸ਼ਾਮਲ ਸਨ?
ਨਵੰਬਰ ੧੯੮੪ ਵਿੱਚ ਹਿੰਦੂ ਕਾਂਗਰਸੀਆਂ ਨੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਸੀ। ਜੋ ਦੁਰਾਨੀ ਦੇ ਕਤਲੇਆਮ ਨਾਲੋਂ ਜਿਆਦਾ ਪੱਖਪਾਤੀ ਸੀ। ਪਰ ਮਈ ੨੦੦੯ ਦਾ ਜੱਟ ਜਲ੍ਹਾਊ ਤਮਾਸ਼ਾ ਉਸ ਨਾਲੋਂ ਭਿਆਨਕ ਸੀ। ਜਿਸ ਵਿੱਚ ਸਿਰਫ਼ ਜੱਟਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਪਰ ਉਸ ਜੱਟ ਜਲ੍ਹਾਊ ਭੀੜ ਨੂੰ ਜਲੰਧਰ ਦਾ ਕਾਂਗਰਸੀ ਰਾਜੂ ਨਾਮ ਦਾ ਬੰਦਾ ਲੀਡ ਕਰ ਰਿਹਾ ਸੀ। ਜੇ ਨਵੰਬਰ ੧੯੮੪ ਦੇ ਸਿੱਖ ਕਤਲੇਆਮ ਦੀ ਜੜ੍ਹ ਐਚ ਐਲ ਕੇ ਭਗਤ ਅਤੇ ਜਗਦੀਸ਼ ਟਾਇਟਲਰ ਵਗੈਰਾ ਸਨ, ਤਾਂ ਜਲੰਧਰ ਵਿੱਚ ੨੭ ਮਈ ਨੂੰ ਜੱਟਾਂ ਵਿਰੁਧ ਉਕਸਾਉਣ ਵਾਲਾ ਕਾਂਗਰਸੀ ਮਨਮੋਹਨ ਸਿੰਘ ਰਾਜੂ (ਰੋਜਾਨਾ ਅਜੀਤ ਜਲੰਧਰ ਦੀ ੨੮ ਮਈ ੨੦੦੯ ਦੀ ਰਿਪੋਰਟ ਮੁਤਾਬਕ) ਕਿਵੇ ਸਮਾਜ ਦਾ ਦੁਸ਼ਮਨ ਨਾ ਹੋਇਆ? ਇਸ ਨੇ ਰਸਦੇ ਵਸਦੇ ਸਮਾਜ ਵਿਰੁਧ ਭੀੜ ਨੂੰ ਇਕੱਠਾ ਕਰਕੇ ਕਾਨੂੰਨ ਦੀ ਅਵਗਿਆ ਕੀਤੀ ਹੈ। ਇਸ ਲਈ ਅਜਿਹੇ ਕਰੀਮੀਨਲ ਬੰਦੇ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਕੇ ਭਾਰਤੀ ਸੰਵਿਧਾਨ ਧਾਰਾ ਮੁਤਾਬਕ ਸਜਾ ਦੇਣੀ ਚਾਹੀਦੀ ਹੈ।
ਇਸ ਨੇ ਦੋ ਭਾਈਚਾਰੇ ਜੋ ਸਦੀਆਂ ਤੋਂ ਇਕ ਦੂਜੇ ਦਾ ਸਾਥ ਦਿੰਦੇ ਆਏ ਸਨ, ਨੂੰ ਆਪਸ ਵਿੱਚ ਭੜਕਾ ਕੇ ਦੁਸਮਨ ਬਣਾਉਣ ਦੀ ਚਾਲ ਚੱਲੀ ਹੈ। ਚਾਰ ਹਜਾਰ ਮੀਲ ਦੂਰ ਇਕ ਸੰਤ ਦੇ ਕਤਲ ਨੂੰ ਪੰਜਾਬ ਦੇ ਲੋਕਾਂ ਨੂੰ ਕਿਵੇ ਕਸੂਰਵਾਰ ਠਹਿਰਾਇਆ ਜਾ ਸਕਦਾ ਹੈ? ਜਿਸ ਖਾਲਿਸਤਾਨੀ ਲੀਡਰ ਨੇ ਸੰਤਾਂ ਦੇ ਕਤਲ ਦੀ ਜਿਮੇਬਾਰੀ ਲਈ ਸੀ, ਉਸ ਬਾਰੇ ਪੱਕਾ ਸਬੂਤ ਕਿਸੇ ਕੋਲ ਨਹੀ ਹੈ। ਇਸ ਮਨਮੋਹਨ ਸਿੰਘ ਰਾਜੂ ਨੂੰ ਕਿਵੇ ਪਤਾ ਸੀ ਕਿ ਉਹ ਜੱਟ ਹੈ? ਜੱਟਾਂ ਵਿਰੁਧ ਸਾਜਿਸ਼ ਕਾਫ਼ੀ ਸਮੇਂ ਤੋਂ ਬਣਾਈ ਜਾ ਰਹੀ ਸੀ। ਮੌਕਾ ਨਾ ਮਿਲਣ ਕਰਕੇ ਇਹ ਡਲੇਅ ਹੁੰਦੀ ਆਈ ਹੈ। ਵਿਆਨਾ ਕਾਂਡ ਤਾਂ ਇਕ ਪੱਜ ਸੀ।
ਜਿਥੋਂ ਤੱਕ ਸਿੱਖ ਧਰਮ ਵਿੱਚ ਜੱਟਾਂ ਦੀ ਗੱਲ ਹੈ। ਉਸ ਨਾਲ ਸਾਡੇ ਸਮਾਜ ਦਾ ਕੋਈ ਵੀ ਸਿਆਣਾ ਬੰਦਾ ਸਿੱਖ ਧਰਮ ਨੂੰ ਜੱਟ ਬਰਾਦਰੀ ਨਾਲ ਰਲ੍ਹ ਗੱਡ ਨਹੀ ਕਰ ਸਕਦਾ। ਅਸਲ ਵਿੱਚ ਸਾਡਾ ਪੰਜਾਬੀ ਸਮਾਜ ਹਿੰਦੋਸਤਾਨੀ ਸਮਾਜ ਨਾਲੋਂ ਕਿਤੇ ਵੱਧ ਸਿਆਣਾ ਹੈ। ਪੰਜਾਬ ਵਿੱਚ ਕਦੇ ਕਿਸੇ ਨੇ ਦਲਿਤਾਂ ਤੇ ਜੁਲਮ ਨਹੀ ਕੀਤਾ। ਹਿੰਦੋਸਤਾਨ ਵਿੱਚ ਆਏ ਦਿਨ ਪਿੰਡਾਂ ਦੇ ਪਿੰਡ ਉਚ ਜਾਤੀ ਬ੍ਰਾਹਮਣਾਂ ਅਤੇ ਉਨ੍ਹਾਂ ਦੇ ਪਿਛਲੱਗ ਠਾਕੁਰਾਂ ਵਲੋਂ ਤਬਾਹ ਕੀਤੇ ਜਾ ਰਹੇ ਹਨ। ਦਲਿਤਾਂ ਦੀਆਂ ਸੋਹਣੀਆਂ ਲੜਕੀਆਂ ਨੂੰ ਸ਼ਰੇਆਮ ਰੇਪ ਕਰਕੇ ਮਾਰਿਆ ਜਾ ਰਿਹਾ ਹੈ।
ਬਿਹਾਰ ਮੱਧ ਪ੍ਰਦੇਸ ਵਗੈਰਾ ਸੂਬਿਆਂ ਵਿੱਚ ਦਲਿਤ ਲੜਕੀਆਂ ਦੇ ਡੋਲੇ ਲੜਕੇ ਦੇ ਘਰ ਜਾਣ ਤੋਂ ਪਹਿਲਾਂ ਠਾਕੁਰਾਂ ਦੇ ਘਰ ਜਾਂਦੇ ਹਨ। ਜਿਸ ਤਰ੍ਹਾਂ ਮੁਗਲਾ ਵੇਲੇ ਬ੍ਰਾਹਮਣਾ ਦੀਆਂ ਲੜਕੀਆਂ ਦੇ ਡੋਲ੍ਹੇ ਮੁਗਲ ਚੌਧਰੀਆਂ ਦੇ ਘਰ ਜਾਂਦੇ ਸਨ। ਇਹ ਤਾਂ ਖਾਲਸੇ ਦਾ ਕਰਮ ਸੀ ਕਿ ਉਨ੍ਹਾਂ ਇਨ੍ਹਾਂ ਦੀ ਪੱਤ ਨੂੰ ਬਚਾਉਣ ਲਈ ਮੁਸਲਮਾਨਾਂ ਨਾਲ ਦੁਸ਼ਮਣੀ ਪਾ ਲਈ ਜਿਨ੍ਹਾਂ ਨੂੰ ਅੱਜ ਸ਼ਾਬਾਸ਼ ਦੇਣੀ ਬਣਦੀ ਸੀ। ਪਰ ਉਲਟਾ ਮੌਜੂ ਬਣਾਇਆ ਜਾ ਰਿਹਾ ਹੈ। ਸੋ ਕਮਲੇਸ਼ ਜੀ ਕ੍ਰਿਪਾ ਕਰਕੇ ਖਾਲਸਾ ਪੰਥ ਨੂੰ ਤਗੜਿਆਂ ਕਰੋ। ਜਿਸ ਨੇ ਗਮਾ ਤੋਂ ਰਹਿਤ ਰਾਜ ਬਣਾਉਣਾ ਹੈ। ਜਿਥੇ ਸਮਾਜ ਦੇ ਕਮਜੋਰ ਵਰਗ ਨੇ ਵੀ ਸੁਖ ਭੋਗਣੇ ਹਨ।
ਪਰ ਸਾਨੂੰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਮਲੇਸ਼ ਅਹੀਰ ਨੇ ਨਾ ਤਾਂ ਹਿੰਦੋਸਤਾਨ ਦਾ ਇਤਿਹਾਸ ਪੜ੍ਹਿਆ ਹੈ ਨਾ ਹੀ ਫ਼ਿਰਕਾਪ੍ਰਸਤੀ ਦੀ ਆੜ ਵਿੱਚ ਸਿੱਖ ਇਤਿਹਾਸ ਪੜ੍ਹਿਆ ਹੈ। ਉਨ੍ਹਾਂ ਦੇ ਬੋਲਣ ਦਾ ਅੰਦਾਜ ਅਖੌਤੀ ਬ੍ਰਾਹਮਣਾ ਵਾਲਾ ਹੈ। ਜਿਸ ਵਿੱਚ ਹੰਕਾਰ ਹੈ। ਸ਼ਾਇਦ ਇਸ ਕਰਕੇ ਕਿ ਉਹ ਕਨੇਡਾ ਵਿੱਚ ਪੱਕੀ ਰਹਿ ਰਹੀ ਹੈ। ਅਤੇ ਉਸ ਦੇ ਸਾਹਮਣੇ ਬੈਠੇ ਲੋਕ, ਇਟਲੀ ਵਿੱਚ ਬਹੁਤੇ ਕੱਚੇ ਹਨ। ਉਹ ਆਪਣੇ ਸੁਣਨ ਵਾਲੇ ਲੋਕਾਂ ਨੂੰ ਕਹਿ ਰਹੀ ਹੈ ਕਿ ਤੁਸੀ ਤਾਂ ਬੇਸਮਝ ਹੋ, ਤੁਹਾਨੂੰ ਸਮਝਾਉਣ ਲਈ ਮੈਥੋ ਵਾਰ ਵਾਰ ਤਾਂ ਇਥੇ ਆ ਨਹੀ ਹੋਣਾ। ਕਮਾਲ ਹੈ ਕਿ ਕਮਲੇਸ਼ ਦਸਦੀ ਹੈ ਆਪਣੇ ਆਪ ਨੂੰ ਇਨ੍ਹਾਂ ਦਲਿਤਾਂ ਦਾ ਮਸੀਹਾ। ਪਰ ਵਾਰ ਵਾਰ ਆਉਣ ਤੋਂ ਡਰਦੀ ਹੈ।
ਇਕ ਗੱਲ ਇਤਿਹਾਸਕ ਤੌਰਤੇ ਕਹਿਣੀ ਬਣਦੀ ਹੈ, ਜੇ ਨਾ ਲਿਖੀ ਗਈ ਤਾਂ ਕਈਆਂ ਨੂੰ ਅਭਿਮਾਨ ਹੋ ਜਾਵੇਗਾ ਕਿ ਬਾਬਾ ਸਾਹਿਬ ਡਾ ਅੰਬੇਦਗਰ ਸਾਹਿਬ ਨੇ ਸਾਨੂੰ ਜਿਉਣ ਦਾ ਰਾਹ ਦਿੱਤਾ ਹੈ। ਪਰ ਜੋ ਕੁਝ ਉਨ੍ਹਾਂ ਨੇ ੧੯੫੦ ਵਾਲੇ ਹਿੰਦੋਸਤਾਨੀ ਸੰਵਿਧਾਨ ਵਿੱਚ ਲਿਖਿਆ ਹੈ, ਉਹ ਸਭ ਨੂੰ ਹੈਰਾਨ ਕਰ ਰਿਹਾ ਹੈ। ਭਾਰਤੀ ਸੰਵਿਧਾਨ ਦੀ ਧਾਰਾ ੨੫ ਜਿਸ ਨੇ ਸਿੱਖ ਕੌਮ ਦੀ ਨੀਂਦ ਹਰਾਮ ਕੀਤੀ ਹੋਈ ਹੈ। ਜਿਸ ਵਿੱਚ ਉਨ੍ਹਾਂ ਇਕੱਲੇ ਸਿੱਖਾਂ ਨੂੰ ਹੀ ਨਹੀ ਬਲ ਕਿ ਬੋਧੀਆਂ ਅਤੇ ਜੈਨੀਆਂ ਨੂੰ ਵੀ ਹਿੰਦੂ ਧਰਮ ਦਾ ਹਿੱਸਾ ਬਣਾ ਦਿੱਤਾ ਹੈ। ਜਿਹੜਾ ਹਿੰਦੋਸਤਾਨ ਨੂੰ ਤਬਾਹੀ ਵੱਲ ਲਗਾਤਾਰ ਲਿਜਾ ਰਿਹਾ ਹੈ।
ਮੇਰੇ ਖਿਆਲ ਵਿੱਚ ਕੋਈ ਵੀ ਮਸੀਹਾ ਅਜਿਹੀ ਗੰਭੀਰ ਗਲਤੀ ਨਹੀ ਕਰ ਸਕਦਾ। ਜਿਹੜੀ ਡਾ ਅੰਬੇਦਗਰ ਸਾਹਿਬ ਨੇ ਕੀਤੀ ਹੈ। ਜਿਸ ਧਰਮ ਨੂੰ ਉਹ ਆਪ ਮੰਨਦੇ ਸਨ, ਉਸ ਧਰਮ ਦੀਆਂ ਜੜ੍ਹਾਂ ਵਿੱਚ ਤੇਲ ਦੇਣਾ ਕਿੰਨੀ ਕੁ ਸਿਆਣੀ ਗੱਲ ਹੋ ਸਕਦੀ ਹੈ! ਬੀਬੀ ਜੀ ਨੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖ ਸ਼ਬਦ ਬੁਧ ਧਰਮ ਤੋਂ ਲਿਆ ਹੈ। ਪਰ ਇਸ ਅਣਜਾਣ ਬੀਬੀ ਨੂੰ ਤਾਂ ਇਹ ਵੀ ਨਹੀ ਪਤਾ ਕਿ ਸਿੱਖ ਧਰਮ ਨੂੰ ਸ਼ੁਰੂ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਨਹੀ ਸੀ। ਇਹ ਤਾਂ ਗੁਰੂ ਨਾਨਕ ਸਾਹਿਬ ਨੇ ੧੪੯੭ ਵਿੱਚ ਅਰੰਭ ਕੀਤਾ ਸੀ। ਉਸ ਸਮਾਗਮ ਵਿੱਚ ਕਮਲੇਸ਼ ਨੇ ਹੋਰ ਬਹੁਤ ਕੁਝ ਸੱਚ ਵਰਗਾ ਝੂਠ ਬੋਲ ਕੇ ਸਿੱਖ ਧਰਮ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕੀਤਾ ਹੈ। ਬੋਧੀਆਂ ਨੂੰ ਮੀਡੀਏ ਉਪਰ ਕਬਜਾ ਕਰਨ ਦੀ ਚੇਸ਼ਟਾ ਜਿਤਾਈ ਹੈ। ਪਰ ਕਮਲੇਸ਼ ਨੂੰ ਸ਼ਾਇਦ ਪਤਾ ਨਹੀ, ਕਿ ਇਹ ਯੁੱਗ ਕਰਾਂਤੀਕਾਰੀਆਂ ਦਾ ਯੁੱਗ ਹੈ। ਕੋਈ ਵੀ ਕਿਸੇ ਵੀ ਖੇਤਰ ਵਿੱਚ ਆਪਣੀਆਂ ਇਸ਼ਾਵਾਂ ਮੁਤਾਬਕ, ਤਰੱਕੀ ਕਰ ਸਕਦਾ ਹੈ। ਪਰ ਜੇ ਉਹ ਸੱਚ ਦੇ ਨੇੜੇ ਹੋਵੇਗਾ ਤਾਂ ਸਫ਼ਲਤਾ ਦੇ ਜਿਆਦਾ ਚਾਂਸ ਹਨ।
ਕਮਲੇਸ਼ ਦੇ ਪਿਛੇ ਕੌਣ ਹੈ ਹਾਲੇ ਕਿਸੇ ਨੂੰ ਸ਼ਾਇਦ ਨਾ ਪਤਾ ਹੋਵੇ। ਪਰ ਜੋ ਗਲਤੀ ਕਮਲੇਸ਼ ਤੋਂ ਕਰਾਈ ਜਾ ਰਹੀ ਉਹ ਕਿਸੇ ਦੇ ਵੀ ਹੱਕ ਵਿੱਚ ਨਹੀ ਜਾਵੇਗੀ। ਸਿੱਖ ਕੌਮ ਦੀਆਂ ਕੀਤੀਆਂ ਕੁਰਬਾਨੀਆਂ, ਜੋ ਪਿਛਲੇ ੫੦੦ ਸਾਲਾਂ ਦੇ ਇਤਿਹਾਸ ਨੂੰ ਉਜਾਗਰ ਕਰ ਰਹੀਆਂ ਹਨ, ਨੂੰ ਮਿੱਟੀ ਵਿੱਚ ਰਲਾਉਣ ਦੀ ਕੋਸਿਸ਼ ਕੀਤੀ ਹੈ। ਸਿੱਖ ਧਰਮ ਨੇ ਆਪਣੇ ਜਨਮ ਤੋਂ ਲੈ ਕੇ ਅੱਜ ਤੱਕ ਨਾ ਹਿੰਦੂ ਧਰਮ ਨੂੰ, ਨਾ ਹਿੰਦੋਸਤਾਨ ਦੀ ਸਭਿਅਤਾ ਨੂੰ, ਨਾ ਹੀ ੧੯੪੭ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੋਈ ਅਜਿਹੀ ਗਦਾਰੀ ਕੀਤੀ ਹੈ। ਜਿਸ ਨਾਲ ਉਪਰ ਲਿਖੇ ਅਦਾਰਿਆਂ ਨੂੰ ਕੋਈ ਨੁਕਸਾਨ ਪਹੁੰਚਾ ਹੋਵੇ। ਇਹ ਸਿੱਖ ਕੌਮ ਦੀ ਕ੍ਰਿਪਾਨ ਹੀ ਹੈ, ਜੋ ਇਨ੍ਹਾਂ ਆਮ ਜਿਹੇ ਲੋਕਾਂ ਵਿੱਚ ਆਤਮ ਵਿਸਵਾਸ਼ ਭਰਦੀ ਆਈ ਹੈ। ਜਿਸ ਨੇ ਹਿੰਦਮਾਹਾਦੀਪ ਦੀ ਅਜਾਦੀ ਵਿੱਚ ਇਕ ਮੱਹਤਵਪੂਰਨ ਰੋਲ ਅਦਾ ਕੀਤਾ।
ਬੀਬੀ ਜੀ ਨੇ ਕਿਹਾ ਹੈ ਕਿ ਇਹ ਬੇਵਕੂਫ਼ ਸਿੱਖ ਕ੍ਰਿਪਾਨਾ ਪਾਈ ਫ਼ਿਰਦੇ ਹਨ। ਜਦੋਂ ਸਮਾਂ ਮਿਜਾਇਲਾਂ ਦਾ ਹੈ। ਵੈਸੇ ਇਹ ਲਿਖਣਾ ਬਹੁਤਾ ਜਰੂਰੀ ਨਹੀ ਹੈ। ਪਰ ਅਸੀ ਸਮਝਦੇ ਹਾਂ ਕਿ ਕਈ ਵਾਰ ਗਰੀਬ ਭਾਵੇ ਉਹ ਸਮਾਜਿਕ ਤੌਰਤੇ ਹੋਵੇ ਜਾਂ ਦਿਮਾਗੀ ਤੌਰਤੇ, ਉਸ ਨਾਲ ਖਾਲਸੇ ਦੀ ਦੁਸ਼ਮਣੀ ਨਹੀ, ਸਗੋਂ ਹਮਦਰਦੀ ਹੁੰਦੀ ਹੈ। ਖਾਲਸਾ ਗਰੀਬ ਦੀ ਰਖਿਆ ਲਈ ਹੈ ਅਤੇ ਜਾਲਮ ਦੀ ਭੱਖਿਆਂ ਲਈ ਹੈ। ਅਸੀ ਨਹੀ ਚਾਹੁੰਦੇ ਕਿ ਅਕਾਲ ਪੁਰਖ ਦੀ ਸੰਤਾਨ ਜਾਣ ਬੁੱਝ ਕੇ ਗਲਤ ਰਸਤੇ ਪੈ ਜਾਵੇ ਅਤੇ ਕੋਈ ਉਸ ਨੂੰ ਜਾਲਮਾਂ ਵਿੱਚ ਸ਼ਾਮਲ ਕਰ ਲਵੇ!
ਪਰ ਫ਼ਿਰ ਵੀ ਬੀਬੀ ਕਮਲੇਸ਼ ਨੂੰ ਦੱਸਣ ਲਈ ਲਿਖਿਆ ਜਾ ਰਿਹਾ ਹੈ ਕਿ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਜਿਨ੍ਹਾਂ ਕੋਲ ਮਿਜਾਇਲਾਂ ਦਾ ਕੋਈ ਘਾਟਾ ਨਹੀ ਹੈ। ਅਤੇ ਨਾ ਹੀ ਕਿਸੇ ਹੋਰ ਮਾਡਰਨ ਹਥਿਆਰਾਂ ਦਾ। ਪਰ ਉਨ੍ਹਾਂ ਦੇ ਪ੍ਰਧਾਨ ਮੰਤਰੀਆਂ, ਰਾਣੀਆਂ, ਰਾਜਿਆਂ, ਰਾਸ਼ਟਰਪਤੀਆਂ ਅਤੇ ਤਾਕਤਵਰ ਫ਼ੌਜਾਂ ਦੇ ਜਰਨੈਲਾਂ ਨੂੰ ਜਦੋਂ ਸਨਮਾਨਿਤ ਕੀਤਾ ਜਾਂਦਾ ਹੈ, ਤਾਂ ਉਸ ਸਿਰੀ ਸਾਹਿਬ ਨਾਲ ਹੀ ਕੀਤਾ ਜਾਂਦਾ ਹੈ। ਗਾਰਡ ਆਫ਼ ਆਨਰ ਨੰਗੀਆਂ ਕ੍ਰਿਪਾਨਾਂ ਨਾਲ ਹੀ ਹੁੰਦਾ ਹੈ। ਕ੍ਰਿਪਾਨਾਂ ਹੀ ਭੇਂਟ ਕੀਤੀਆਂ ਜਾਂਦੀਆਂ ਹਨ। ਮਿਜਾਇਲਾਂ ਨਹੀ।
ਖਾਲਸਾ ਆਪਣੇ ਗਲ੍ਹ ਵਿੱਚ ਜਦੋਂ ਕ੍ਰਿਪਾਨ ਸਜਾਉਦਾ ਹੈ ਤਾਂ ਉਹ ਕਲਗੀਧਰ ਨੂੰ ਨਮਸਕਾਰ ਕਰਦਾ ਹੋਇਆ ਆਪਣੇ ਮੰਨ ਮਸਤਕ ਵਿੱਚ ਉਸ ਗਰੀਬ ਨਿਵਾਜ ਪਾਤਸ਼ਾਹ ਦਾ ਦਿੱਤਾ ਹੋਇਆ ਹੁਕਮ ਹੀ ਦੁਹਰਾਂਉਦਾ ਹੈ। ਵੈਸੇ ਸਿੱਖ ਧਰਮ ਦਾ ਬੁਧ ਧਰਮ ਨਾਲ ਕੋਈ ਮੁਕਾਬਲਾ ਨਹੀ। ਬੁਧ ਧਰਮ ਪ੍ਰਮਾਤਮਾ ਵਿੱਚ ਵਿਸ਼ਵਾਸ਼ ਨਹੀ ਰਖਦਾ। ਉਸ ਦੀ ਹੋਂਦ ਤੋਂ ਇਨਕਾਰੀ ਹੈ। ਪਰ ਸਿੱਖ ਧਰਮ ਪ੍ਰਮਾਤਾਮਾ ਨਾਲੋਂ ਅੱਲਗ ਨਹੀ ਹੁੰਦਾ। ਇਸ ਦੇ ਬੁਨਿਆਦੀ ਸਿਧਾਂਤਾਂ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੈ।
ਬੁਧ ਧਰਮ ਨੇ ਹੀ ਇਕ ਸਮੇਂ ਮਹਾਨ ਅਸ਼ੋਕ ਨੂੰ ਡਰਪੋਕ ਬਣਾ ਦਿੱਤਾ ਸੀ। ਉਸ ਨੇ ਆਪਣੀ ਤਲਵਾਰ ਕਹਿੰਦੇ ਹਨ ਕਿ ਉੜੀਸਾ ਦੇ ਦਰਿਅ ਵਿੱਚ ਸੁੱਟ ਦਿੱਤੀ ਸੀ। ਇਸ ਕਮਜੋਰੀ ਨੇ ਛੇਤੀ ਹੀ ਬੁਧ ਧਰਮ ਨੂੰ ਹਿੰਦੋਸਤਾਨ ਵਿੱਚੋ ਖਤਮ ਕਰ ਦਿੱਤਾ ਸੀ। ਸਿੱਖ ਧਰਮ ਸ਼ਕਤੀ ਅਤੇ ਭਗਤੀ, ਮੀਰੀ ਅਤੇ ਪੀਰੀ, ਸੰਤ-ਸਿਪਾਹੀ ਵਿੱਚ ਵਿਸ਼ਵਾਸ ਰਖਦਾ ਹੈ। ਇਹ ਸਮੇ ਅਨੁਸਾਰ ਆਪਣਾ ਰੋਲ ਅਦਾ ਕਰਦਾ ਆਇਆ ਹੇ। ਜੇ ਸ਼ਾਂਤੀ ਦੀ ਗੱਲ ਹੋਈ ਤਾਂ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੰਗਤ ਸਿੰਘ ਅਤੇ ਅਨੇਕਾਂ ਸਿੰਘਣੀਆਂ ਨੇ ਸ਼ਾਂਤ ਰੂਪ ਵਿੱਚ, ਦਹਿਸ਼ਤ ਸਮੇਂ ਨੂੰ ਅਨੰਦਪੂਰਵਕ ਬਣਾ ਕੇ ਆਪਾ ਵਾਰ ਦਿੱਤਾ।
ਜਦੋਂ ਸ਼ਕਤੀ ਦੀ, ਸਿਪਾਹੀਪੁਣੇ ਦਾ ਸਮਾਂ ਆਇਆ ਤਾਂ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਵਾਲਾ, ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਬਣ ਕੇ ਲੋਕ ਬੋਲਾਂ ਵਿੱਚ ਸਮਾ ਗਏ। ਗੁਰੂ ਨਾਨਕ ਸਾਹਿਬ ਜਦੋਂ ਜੋਤੀ ਜੋਤ ਸਮਾਏ ਸਨ ਤਾਂ ਮੁਸਲਮਾਨ ਅਤੇ ਹਿੰਦੂ ਆਪੋ ਆਪਣੀਆਂ ਰਹੁ ਰੀਤਾਂ ਅਨੁਸਾਰ ਸੰਸਕਾਰ ਕਰਨ ਲਈ ਝਗੜੇ ਸਨ, ਤਾਂ ਚਾਦਰ ਉਠਾਉਣ ਸਮੇਂ ਉਥੇ ਸਿਰਫ਼ ਇਕ ਗੁਲਾਬ ਦਾ ਫ਼ੁਲ ਹੀ ਮਿਲਿਆ ਸੀ। ਇਸੇ ਤਰ੍ਹਾਂ ਦਸਵੇ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਸੰਸਕਾਰ ਸਮੇਂ ਅੰਗੀਠੇ ਵਿੱਚੋ ਸਿਰਫ਼ ਕਮਲੇਸ਼ ਵਾਲੀ ਕ੍ਰਿਪਾਨ ਹੀ ਨਿਕਲੀ ਸੀ। ਕਈ ਚਿੰਤਕਾ ਦਾ ਖਿਆਲ ਹੈ, ਕਿ ਜਦੋਂ ਸਿੱਖ ਸ਼ਾਂਤੀ ਪੂਰਵਕ ਹੁੰਦਾ ਹੈ ਤਾਂ ਉਹ ਗੁਲਾਬ ਦੇ ਫ਼ੁਲ ਵਾਂਗ ਹੈ। ਜਦੋਂ ਉਹ ਤੇ ਜੁਲਮ ਹੋਵੇ ਤਾਂ ਉਹ ਕ੍ਰਿਪਾਨ ਵਾਂਗ ਤਿੱਖਾ ਹੋ ਜਾਂਦਾ ਹੈ।
ਸਿੱਖ ਕੌਮ ਕਿਸੇ ਇਕ ਜਾਤ ਜਾਂ ਬਰਦਾਰੀ ਦੇ ਸਿਰ ਤੇ ਨਹੀ ਖੜੀ। ਇਸ ਦੀਆਂ ਜੜ੍ਹਾਂ ਵਿੱਚ ਸਾਰੀਆਂ ਜਾਤਾਂ ਦੇ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਇਸ ਕੌਮ ਨੂੰ ਤਾਕਤਵਰ ਬਣਾਇਆ ਹੈ। ਇਸ ਵਿੱਚ ਜੱਟ, ਬ੍ਰਾਹਮਣ, ਚਮਾਰ, ਨਾਈ, ਛੀਂਬੇ, ਜੁਲਾਹੇ, ਤਰਖਾਣ-ਲੁਹਾਰ, ਵਣਜਾਰੇ, ਖੱਤਰੀ, ਗੁਜਰ, ਭਾਟੜੇ, ਬਾਲਮੀਕੀਏ ਅਤੇ ਹੋਰ ਸਭ ਸ਼ਾਮਲ ਹਨ। ਇਹ ਹੀ ਸਿੱਖੀ ਦਾ ਗੁੱਲਦਸਤਾ ਹੈ। ਜਾਤਾਂ ਨੂੰ ਆਪਸ ਵਿੱਚ ਲੜਾਉਣਾ, ਜਿਥੇ ਦੇਸ਼ ਦੇ ਹਿਤਾਂ ਵਿੱਚ ਨਹੀ ਹੈ, ਉਥੇ ਧਰਮ ਵੀ ਇਸ ਨੂੰ ਨਿਕਾਰਦਾ ਆਇਆ ਹੈ। ਸਿੱਖ ਧਰਮ ਵਿੱਚ ਅਜਿਹੇ ਗਲ੍ਹੇ ਸੜੇ ਸਿਧਾਂਤ ਨੂੰ ਕੋਈ ਥਾਂ ਨਹੀ ਹੈ। ਗੁਰੂ ਗ੍ਰੰਥ ਸਾਹਿਬ ਦੁਨੀਆਂ ਦਾ ਇਕੋ ਇਕ ਧਾਰਮਿਕ ਗੁਰੂ ਹੈ, ਜੋ ਸਭ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਪਿਆਰ ਅਤੇ ਸਤਿਕਾਰ ਦਿੰਦਾ ਹੈ ਅਤੇ ਹਰੇਕ ਦੁਨਿਆਵੀ ਲੋੜ ਨੂੰ ਪੂਰਿਆਂ ਕਰਦਾ ਹੈ।