ਲੱਗੀ ਨਜ਼ਰ ਪੰਜਾਬ ਨੂੰ, ਕੋਈ ... - ਸਵਰਨ ਸਿੰਘ ਟਹਿਣਾ

ਲੱਗੀ ਨਜ਼ਰ ਪੰਜਾਬ ਨੂੰ, ਕੋਈ ਆਣ ਉਤਾਰੋ - ਸਵਰਨ ਸਿੰਘ ਟਹਿਣਾ
ਵੀਆਨਾ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਮੰਦਭਾਗੀ ਘਟਨਾ ਦਾ ਖਮਿਆਜਾ ਪੂਰਾ ਪੰਜਾਬ ਲਗਾਤਾਰ ਚਾਰ ਦਿਨ ਭੋਗਦਾ ਰਿਹਾ, ਜਿਸ ਨੇ ਪੰਜਾਬ ਵਾਸੀਆਂ ਦੀ ਵੀ ਨੀਂਦ ਉਡਾਈ ਰੱਖੀ, ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਤੇ ਸਮੁੱਚੀ ਲੀਡਰਸ਼ਿਪ ਦੀ ਵੀ। ਲੋਕ ਏਨੇ ਭੜਕੇ ਕਿ ਭੁੱਲ ਗਏ ਕਿ ਕੋਈ ਵੀ ਗੁਰੂ ਹਿੰਸਾ ਦੀ ਸਿੱਖਿਆ ਨਹੀਂ ਦਿੰਦਾ ਤੇ ਨਾ ਹੀ ਬਾਣੀ ਵਿੱਚ ਦਰਜ ਕਿਸੇ ਗੁਰੂ ਜਾਂ ਸੰਤ-ਮਹਾਂਪੁਰਸ਼ ਨੇ ਇਹ ਸਿੱਖਿਆ ਦਿੱਤੀ ਹੈ ਕਿ ਨੰਗੀਆਂ ਤਲਵਾਰਾਂ ਦੀ ਦਹਿਸ਼ਤ ਹੇਠ ਪਹਿਲਾਂ ਠੇਕੇ ਲੁੱਟੋ, ਫੇਰ ਰੱਜ ਕੇ ਪੀਓ ਤੇ ਬਾਅਦ ’ਚ ਗੁੰਡਾਗਰਦੀ ਦਾ ਨੰਗਾ ਨਾਚ ਕਰੋ। ਨਾ ਹੀ ਕੋਈ ਸੰਤ ਇਹ ਉਪਦੇਸ਼ ਦਿੰਦਾ ਹੈ ਕਿ ਤੁਸੀਂ ਪਹਿਲਾਂ ਟਰੱਕਾਂ ਨੂੰ ਅੱਗ ਲਗਾ ਦਿਓ ਤੇ ਫੇਰ ਖਰਬੂਜਿਆਂ ਨਾਲ ਭਰੇ ਓਸ ਟਰੱਕ ’ਤੇ ਇੰਜ ਝਪਟੋ ਜਿਵੇਂ ਗਿਰਝਾਂ ਆਪਣੇ ਸ਼ਿਕਾਰ ’ਤੇ ਝਪਟਦੀਆਂ ਹਨ।

ਲੋਕਾਂ ਦਾ ਗੁੱਸਾ ਕਿੰਨਾ ਕੁ ਜਾਇਜ਼ ਸੀ ਤੇ ਕਿੰਨਾ ਕੁ ਨਜਾਇਜ਼, ਕਿਸੇ ਵੀ ਸਿਆਸੀ ਪਾਰਟੀ ਨੇ ਇਸ ਗੱਲ ਦੀ ਪੜਚੋਲ ਨਹੀਂ ਕੀਤੀ ਤੇ ਸ਼ਾਇਦ ਨਾ ਹੀ ਕੀਤੀ ਜਾਵੇ ਕਿਉਂਕਿ ਇਹ ਲੋਕਤੰਤਰ ਘੱਟ ਤੇ ਵੋਟਤੰਤਰ ਵੱਧ ਹੈ। ਇੱਥੇ ਹੁੜਦੰਗ ਮਚਾਉਣ ਵਾਲਿਆਂ ਦੀਆਂ ਵੋਟਾਂ ਸਭ ਕੁੱਝ ’ਤੇ ਅਸਾਨੀ ਨਾਲ ਪਰਦਾ ਪਾ ਦਿੰਦੀਆਂ ਹਨ।

ਪੰਜਾਬ ਵਿੱਚ ਵਧ-ਫੁੱਲ ਰਹੇ ਡੇਰਾਵਾਦ ਨੇ ਇਹੀ ਰੰਗ ਦਿਖਾਉਣਾ ਸੀ, ਜਿਹੜਾ ਹੁਣ ਦਿਸ ਰਿਹਾ ਹੈ। ਧਰਮ ਦੀ ਰੱਖਿਆ ਦੀ ਆੜ ਵਿੱਚ ਲਾਂਬੂ ਲਾਉਣਿਆਂ ਨੂੰ ਅੱਗਾਂ ਦਾ ਸੇਕ ਪਿਆਰਾ ਲੱਗਣ ਲੱਗਾ ਹੈ, ਢਿੱਡ ਵਿੱਚ ਛੁਰਾ ਖੋਭ ਦੇਣਾ ਮਾਮੂਲੀ ਗੱਲ ਬਣ ਗਈ ਹੈ, ਦੁਕਾਨਾਂ ਦੀ ਭੰਨ-ਤੋੜ ਕੋਈ ਵਰਜਿਤ ਗੱਲ ਨਹੀਂ ਰਹੀ ਤੇ ਨਾ ਹੀ ਲੋਕਾਈ ਨਾਲ ਦਰਿੰਦਗੀ ਭਰਿਆ ਵਿਹਾਰ ਕਰਨਾ ਕੋਈ ਮਾੜੀ ਗੱਲ ਸਮਝੀ ਜਾਂਦੀ ਹੈ।

ਧਾਰਮਿਕ ਸਥਾਨਾਂ ’ਤੇ ਵਾਪਰਨ ਵਾਲੀ ਘਟਨਾ ਛੋਟੀ ਹੋਵੇ ਜਾਂ ਵੱਡੀ, ਪੰਜਾਬ ਬਲਣਾ ਸ਼ੁਰੂ ਹੋ ਜਾਂਦਾ ਹੈ, ਕਰਫਿਊ ਲੱਗ ਜਾਂਦੇ ਨੇ, ਸੜਕਾਂ ’ਤੇ ਇੱਟਾਂ-ਵੱਟੇ ਦਿਸਣ ਲੱਗਦੇ ਨੇ, ਸ਼ੀਸ਼ੇ ਵਾਲੀਆਂ ਬਿਲਡਿੰਗਾਂ ਅਤੇ ਵਾਹਨਾਂ ਦੇ ਸ਼ੀਸ਼ੇ ਤੋੜ ਕੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਦਰ ਦਿੱਤਾ ਜਾਂਦਾ ਹੈ ਤੇ ਇਸ ਸਭ ਨੂੰ ਪੰਜਾਬੀਆਂ ਦੀਆਂ ਗ਼ੈਰਤ ਦੀ ਨਿਸ਼ਾਨੀ ਸਮਝਿਆ ਜਾਣ ਲੱਗਾ ਹੈ।

ਤੱਲ੍ਹਣ ਕਾਂਡ ਵੇਲੇ ਜੋ-ਜੋ ਕੁੱਝ ਹੋਇਆ-ਵਾਪਰਿਆ, ਸਭ ਜਾਣਦੇ ਨੇ। ਉਸ ਤੋਂ ਬਾਅਦ ਸਿਰਸੇ ਵਾਲੇ ਸਾਧ ਨੇ ਅਜਿਹੀ ਕਰਤੂਤ ਕਰ ਦਿਖਾਈ ਕਿ ਪੰਜਾਬ ’ਚ ਮੁੜ ਅਸ਼ਾਂਤੀ ਫ਼ੈਲ ਗਈ ਤੇ ਹੁਣ ਡੇਰਾ ਸੱਚਖੰਡ ਬੱਲਾਂ ਵਾਲੇ ਸੰਤ ਨਿਰੰਜਨ ਦਾਸ ਤੇ ਸੰਤ ਰਾਮਨੰਦ ’ਤੇ ਚੱਲੀਆਂ ਗੋਲੀਆਂ ਨੇ ਪੰਜਾਬ ਨੂੰ ਮੁੜ ਬਾਰੂਦ ਦੇ ਢੇਰ ’ਤੇ ਬਿਠਾ ਦਿੱਤਾ।

ਹਾਲੇ ਤੱਕ ਇਸ ਗੱਲ ਦੀ ਸਮਝ ਨਹੀਂ ਆ ਸਕੀ ਕਿ ਬੱਲਾਂ ਵਾਲੇ ਸੰਤਾਂ ਤੇ ਹਮਲਾ ਆਸਟਰੀਆ ਦੇ ਸ਼ਹਿਰ ਵੀਆਨਾ ਵਿੱਚ ਹੋਇਆ ਤੇ ਭੰਨ-ਤੋੜ ਪੰਜ ਆਬਾਂ ਦੀ ਧਰਤੀ ’ਤੇ ਸ਼ੁਰੂ ਹੋ ਗਈ। ਇਸ ਸਭ ਨਾਲ ਭਲਾ ਤੁਰ ਜਾਣ ਵਾਲੇ ਬਾਬਾ ਜੀ ਰਾਮਾਨੰਦ ਜੀ ਦੀ ਆਤਮਾ ਨੂੰ ਸ਼ਾਂਤੀ ਕਿਵੇਂ ਮਿਲੀ ਹੋਵੇਗੀ? ਜ¦ਧਰ ਜ਼ਿਲ੍ਹੇ ਦੇ ਪਿੰਡ ਰਾਪੁਰ ਬੱਲਾਂ ਵਿੱਚ ਸੰਤਾਂ ਦਾ ਡੇਰਾ ਹੈ, ਇਸ ਕਰਕੇ ਬਾਬਾ ਜੀ ’ਤੇ ਹੋਏ ਹਮਲੇ ਨਾਲ ਜ¦ਧਰੀਏ ਚੇਲਿਆਂ ਦਾ ਰੋਹ ਭੜਕਣਾ ਯਕੀਨੀ ਸੀ। ਕਰੋੜਾਂ ਰੁਪਏ ਦਾ ਨੁਕਸਾਨ ਜ¦ਧਰ ’ਚ ਹੋਇਆ। ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਫ਼ਿਰੋਜ਼ਪੁਰ ਤੇ ਫ਼ਰੀਦਕੋਟ ਤੱਕ ਵੀ ਜ¦ਧਰ ਦੀਆਂ ਲਪਟਾਂ ਦਾ ਸੇਕ ਪੁੱਜਾ ਤੇ ਉਥੋਂ ਦੇ ਭਗਤ ਰਵੀਦਾਸ ਦੇ ਚੇਲਿਆਂ ਨੇ ਡਾਂਗਾਂ, ਤਲਵਾਰਾਂ ਕੱਢ ਕੇ ਮਨਆਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਸਮਝ ਨਹੀਂ ਆਉਂਦੀ ਕਿ ਇਹ ਸੰਤਾਂ-ਮਹਾਂਪੁਰਸ਼ਾਂ ਦੇ ਕਿਹੋ ਜਿਹੇ ਪੈਰੋਕਾਰ ਨੇ, ਜਿਨ੍ਹਾਂ ਦੇ ਮਨ ਸਦਾ ਧੁਖਦੇ ਰਹਿੰਦੇ ਨੇ। ਜਿਹੜੇ ਏਸ ਗੱਲ ਦਾ ਬਹਾਨਾ ਭਾਲਦੇ ਰਹਿੰਦੇ ਨੇ ਕਿ ਕੋਈ ਸਾਡੇ ਬਾਬੇ ਖਿਲਾਫ਼ ਕੁੱਝ ਬੋਲੇ ਤਾਂ ਅਸੀਂ ਗੁੰਡਾਗਰਦੀ ਦਾ ਨੰਗਾ ਨਾਚ ਕਰ ਦਿਖਾਈਏ। ਬੱਲਾਂ ਵਾਲੇ ਸੰਤਾਂ ’ਤੇ ਜਿਹੜਾ ਹਮਲਾ ਹੋਇਆ, ਉਹ ਕੁੱਝ ਕੁ ਗ਼ਰਮ ਖਿਆਲੀਏ ਲੋਕਾਂ ਦੀ ਸੋਚ ਦਾ ਸਬੂਤ ਹੈ, ਪਰ ਉਨ੍ਹਾਂ ਦੀ ਗ਼ਲਤੀ ਦਾ ਨਤੀਜਾ ਪੂਰਾ ਪੰਜਾਬ ਕਿਉਂ ਭੁਗਤੇ? ਪੰਜਾਬ ਅੱਗ ਦੇ ਹਵਾਲੇ ਕਿਉਂ ਹੋਵੇ? ਸੁੱਖੀਂ ਸਾਂਦੀ ਵਸਦੇ ਪੰਜਾਬ ਦਾ ਅਮਨ-ਚੈਨ ਕਿਉਂ ਗੁਆਚੇ?

ਜਲੰਧਰ ਜ਼ਿਲ੍ਹੇ ਵਿੱਚ ਕਰਫਿਊ ਲੱਗਾ, ਪਰ ਇਹ ਕਰਫਿਊ ਸਿਰਫ਼ ਵਿਖਾਵੇ ਮਾਤਰ ਸੀ। ਸਿਰਫ਼ ਰਵੀਦਾਸ ਚੌਕ ਤੇ ਨਕੋਦਰ ਚੌਕ ਵਿੱਚ ਮਿਲਟਰੀ ਤੇ ਪੰਜਾਬ ਪੁਲਿਸ ਦਿਖਾਈ ਦਿੰਦੀ ਸੀ, ਜਦ ਕਿ ਸ਼ਰਾਰਤੀ ਅਨਸਰ ਹੋਰ ਪਾਸੀਂ ਹੁੜਦੰਗ ਮਚਾਉਂਦੇ ਰਹੇ। ਪਤਾ ਲੱਗਦਾ ਸੀ ਕਿ ਟਰਾਂਸਪੋਰਟ ਨਗਰ ਵਿੱਚ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ, ਫਗਵਾੜਾ ਰੋਡ ’ਤੇ ਮਾਰੂਤੀ ਦੇ ਸ਼ੋਅ ਰੂਮ ਨੂੰ ਭੰਨ ਦਿੱਤਾ ਗਿਆ, ਮੈਕਡਾਨਲ ਦਾ ਨੁਕਸਾਨ ਕਰ ਦਿੱਤਾ ਗਿਆ, ਬੱਸਾਂ ਦੇ ਸ਼ੀਸ਼ੇ ਭੰਨ ਦਿੱਤੇ ਗਏ। ਪੰਜਾਬ ਸਰਕਾਰ ਕੋਈ ਠੋਸ ਫ਼ੈਸਲਾ ਨਹੀਂ ਲੈ ਸਕੀ ਕਿਉਂਕਿ ਨੂਰਮਹਿਲ ਦੀ ਜ਼ਿਮਨੀ ਚੋਣ ਸਿਰ ’ਤੇ ਸੀ। ਹਾਂ, ਇੱਕ ਕੰਮ ਜ਼ਰੂਰ ਕੀਤਾ ਗਿਆ ਕਿ ਪੂਰੇ ਪੰਜਾਬ ਦੀ ਕੇਬਲ ਗੁੱਲ ਕਰ ਦਿੱਤੀ ਗਈ ਤਾਂ ਜੁ ਲੋਕ ਨਾ ਖ਼ਬਰਾਂ ਵਾਲੇ ਚੈਨਲ ਦੇਖ ਸਕਣ ਤੇ ਨਾ ਹੀ ਉਨ੍ਹਾਂ ਨੂੰ ਕੋਈ ਜਾਣਕਾਰੀ ਮਿਲ ਸਕੇ।

‘ਪੀ.ਟੀ.ਸੀ. ਨਿਊਜ਼’ ਜਿਸ ਉੱਤੇ ਪੰਜਾਬ ਸਰਕਾਰ ਦਾ ਮਿਹਰ ਭਰਿਆ ਹੱਥ ਹੈ, ਉਸ ਨੇ ਤਾਂ ਸਿਰਫ਼ ਉਹੀ ਖ਼ਬਰ ਦੱਸਣੀ ਹੁੰਦੀ ਹੈ, ਜਿਹੜੀ ਸਰਕਾਰ ਦੇ ਸੋਹਲਿਆਂ ਨਾਲ ਸਬੰਧਿਤ ਹੋਵੇ। ਇੱਕ ਪਾਸੇ ਜ¦ਧਰ, ਫਗਵਾੜੇ ਵਿੱਚ ਥਾਂ-ਥਾਂ ਅੱਗਾਂ ਲੱਗ ਰਹੀਆਂ ਸਨ, ਪਰ ਦੂਜੇ ਪਾਸੇ ‘ਪੀ.ਟੀ.ਸੀ.’ ਕਹਿ ਰਿਹਾ ਸੀ, ‘ਪੰਜਾਬ ਵਿੱਚ ਪੂਰੀ ਤਰ੍ਹਾਂ ਅਮਨ-ਸ਼ਾਂਤੀ ਬਰਕਰਾਰ ਹੈ…ਥੋੜ੍ਹੇ ਤਣਾਅ ਤੋਂ ਬਾਅਦ ਹੁਣ ਹਾਲਾਤ ਪੂਰੀ ਤਰ੍ਹਾਂ ਕਾਬੂ ’ਚ ਹਨ…ਪੰਜਾਬ ਸਰਕਾਰ ਇਸ ਗੱਲ ਲਈ ਵਧਾਈ ਦੀ ਹੱਕਦਾਰ ਹੈ ਕਿ ਉਸ ਨੇ ਹਾਲਾਤਾਂ ’ਤੇ ਏਨੀ ਜਲਦੀ ਕਾਬੂ ਪਾ ਲਿਆ…ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ…ਸ: ਬਾਦਲ ਨੇ ਲੋਕਾਂ ਨੂੰ ਕਰਫਿਊ ਦਾ ਪਾਲਣ ਕਰਨ ਲਈ ਕਿਹਾ ਹੈ…।’ ਜਦੋਂ ਕਿ ਦੂਜੇ ਚੈਨਲ ਲੱਗ ਰਹੀਆਂ ਅੱਗਾਂ ਬਾਰੇ ਵੇਰਵਾ ਦੇ ਕੇ ‘ਪੀ.ਟੀ.ਸੀ. ਨਿਊਜ਼’ ਦੀ ਸੱਚਾਈ ’ਤੇ ਸਵਾਲੀਆ ਨਿਸ਼ਾਨ ਲਗਾ ਰਹੇ ਸਨ।

ਗੁਰੂ ਰਵੀਦਾਸ ਜੀ ਉਹ ਹਸਤੀ ਹੋਏ ਨੇ, ਜਿਹੜੇ ਨਿਰਮਾਣਤਾ ਦਾ ਪੁੰਜ ਸਨ। ਉਨ੍ਹਾਂ ਨੇ ਜੁੱਤੀਆਂ-ਜੋੜੇ ਗੰਢ ਕੇ ਸਾਬਤ ਕੀਤਾ ਕਿ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ, ਬੰਦੇ ਦੀ ਸੋਚ ਉ¤ਚੀ ਹੋਣੀ ਚਾਹੀਦੀ ਹੈ, ਬੰਦੇ ਨੂੰ ਰੱਬ ਨਾਲ ਮਿਲਾਪ ਕਰਨ ਦੀ ਜਾਚ ਹੋਣੀ ਚਾਹੀਦੀ ਹੈ। ਪਰ ਉਨ੍ਹਾਂ ਦੇ ਚੇਲੇ-ਚਪਟੇ ਨਿਰਮਾਣਤਾ ਦਾ ਰਾਹ ਕਿਉਂ ਭੁੱਲ ਗਏ ਨੇ, ਉਹ ਉਨ੍ਹਾਂ ਦੀਆਂ ਸਿਖਿਆਵਾਂ ਦਾ ਪਾਲਣ ਕਿਉਂ ਨਹੀਂ ਕਰਦੇ, ਕੀ ਉਨ੍ਹਾਂ ਨੂੰ ਆਪਣੇ ਗੁਰੂ ਸਾਹਿਬਾਨ ਦੀਆਂ ਦੱਸੀਆਂ ਗੱਲਾਂ ’ਤੇ ਯਕੀਨ ਨਹੀਂ?

ਧਰਮ ਦੇ ਨਾਂ ’ਤੇ ਹੁਣ ਤੱਕ ਜਿੰਨੀ ਵਾਰ ਵੀ ਰੌਲਾ-ਰੱਪਾ ਪਿਆ ਹੈ, ਉਨ੍ਹਾਂ ਵਿਚੋਂ ਮਸਾਂ ਵੀਹ ਫ਼ੀਸਦੀ ਲੋਕ ਜਨੂੰਨੀ ਹੋਣਗੇ ਤੇ ਖਰੂਦ ਮਚਾਉਣ ਵਾਲੇ ਬਾਕੀ ਅੱਸੀ ਫ਼ੀਸਦੀ ਲੋਕ ਉਹ ਹੁੰਦੇ ਨੇ, ਜਿਨ੍ਹਾਂ ਨੂੰ ਨੰਗੀਆਂ ਤਲਵਾਰਾਂ ਲੈ ਕੇ ਗੁੰਡਾਗਰਦੀ ਕਰਨ ਦਾ ਚਾਅ ਚੜ੍ਹਿਆ ਰਹਿੰਦਾ ਹੈ। ਇਹ ਉਹ ਲੋਕ ਹੁੰਦੇ ਨੇ, ਜਿਨ੍ਹਾਂ ਨੂੰ ਨਾ ਆਪਣੇ ਧਰਮ ਨਾਲ ਬਹੁਤਾ ਮੋਹ ਹੁੰਦਾ ਹੈ, ਨਾ ਪੰਜਾਬ ਦੀ ਖੁਸ਼ਹਾਲੀ ਨਾਲ ਤੇ ਨਾ ਹੀ ਕਿਸੇ ਦੀ ਤਰੱਕੀ ਨਾਲ। ਇਨ੍ਹਾਂ ਨੂੰ ਸਿਰਫ਼ ਬਹਾਨਾ ਚਾਹੀਦਾ ਹੈ ਮਨ ਦੀ ਭੜਾਸ ਕੱਢਣ ਦਾ। ਇਹ ਕਹਿੰਦੇ ਹਨ ਕਿ ਸਾਡੇ ਧਰਮ ’ਤੇ ਹਮਲਾ ਹੋਇਆ ਹੈ, ਜਿਹੜਾ ਸਾਥੋਂ ਸਹਾਰਿਆ ਨਹੀਂ ਜਾਂਦਾ, ਪਰ ਇਨ੍ਹਾਂ ਨੂੰ ਇਹ ਅਕਲ ਅੱਜ ਤੱਕ ਨਹੀਂ ਆ ਸਕੀ ਕਿ ਧਰਮ ਜੋੜਦਾ ਹੈ, ਤੋੜਦਾ ਨਹੀਂ। ਫੇਰ ਤੁਸੀਂ ਬਰਾਦਰੀਵਾਦ ਭਾਰੂ ਕਰਕੇ ਜਾਤੀਆਂ ਵਿੱਚ ਫਿੱਕ ਕਿਉਂ ਪੈਦਾ ਕਰ ਰਹੇ ਹੋ ਤੇ ਨਿਰਜੀਵ ਵਸਤੂਆਂ ਨੂੰ ਤੋੜ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ?

ਜਲੰਧਰ ਦੇ ਰਵੀਦਾਸ ਚੌਕ ਵਿੱਚ ਤਲਵਾਰਾਂ ਤੇ ਹਾਕੀਆਂ ਚੁੱਕੀ ਮੁਡੀਹਰ ਗੱਲਾਂ ਕਰ ਰਹੀ ਸੀ, ‘ਯਾਰ ਅੱਜ ਕਰਫਿਊ ਨੇ ਬੜਾ ਪੰਗਾ ਪਾਇਐ…ਕੋਈ ਰੇਹੜੀ ਨਹੀਂ ਦਿਸ ਰਹੀ…ਦੁਕਾਨਾਂ ਦੇ ਸ਼ਟਰ ਲੱਗੇ ਹੋਏ ਨੇ…ਕੁੱਝ ਖਾਣ ਨੂੰ ਮਨ ਕਰ ਰਿਹੈ…ਜੇ ਕੋਈ ਰੇਹੜੀ ਵਾਲਾ ਮਿਲ ਜਾਵੇ ਤਾਂ ਉਹਦੇ ਦੋ ਮਾਰੀਏ ਤੇ ਸਭ ਕੁੱਝ ਖਾ ਜਾਈਏ…।’ ਗੁਰੂਆਂ ਦੇ ਜਿਹੜੇ ਪੈਰੋਕਾਰਾਂ ਦੀ ਨੀਤ ਇਹੋ ਜਿਹੀ ਹੋਵੇ, ਉਨ੍ਹਾਂ ਦੇ ਦਿਲ ਕਿੰਨੇ ਕੁ ਪਵਿੱਤਰ ਹੋਣਗੇ, ਤੁਸੀਂ ਆਪ ਹੀ ਹਿਸਾਬ ਲਗਾ ਲਵੋ?

ਜ਼ਰੂਰਤ ਇਸ ਗੱਲ ਦੀ ਹੈ ਕਿ ਮੱਛਰੀ ਹੋਈ ਮੁਡੀਹਰ ਨੂੰ ਕਾਬੂ ਵਿੱਚ ਲਿਆਂਦਾ ਜਾਵੇ, ਖੂਨ-ਖਰਾਬਾ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ, ਸਿਰਫ਼ ਵੋਟਾਂ ਦੀ ਰਾਜਨੀਤੀ ਨਾ ਖੇਡੀ ਜਾਵੇ, ਸਗੋਂ ਗਲਤ ਅਨਸਰਾਂ ਨੂੰ ਬੰਦੇ ਬਣਨ ਦਾ ਢੰਗ ਸਿਖਾਇਆ ਜਾਵੇ। ਜੇ ਪੁਲਿਸ ਪ੍ਰਸ਼ਾਸ਼ਨ ਤੇ ਸਰਕਾਰਾਂ ਵਿਗੜੈਲ ਅਨਸਰਾਂ ਨੂੰ ਕਾਬੂ ਵਿੱਚ ਨਾ ਕਰ ਸਕੀਆਂ ਤਾਂ ਅੰਮ੍ਰਿਤਾ ਪ੍ਰੀਤਮ ਦੀਆਂ ਇਹ ਸਤਰਾਂ ਵਾਰ ਵਾਰ ਚੇਤੇ ਆਉਣਗੀਆਂ, ‘ਲੱਗੀ ਨਜ਼ਰ ਪੰਜਾਬ ਨੂੰ ਕੋਈ ਆਣ ਉਤਾਰੋ…।’